ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ, 17 ਜਨਵਰੀ (ਸੁਰਿੰਦਰ ਚੱਠਾ)-ਸਰਕਾਰ ਨੇ ਜਨਤਾ ਨੂੰ ਸੂਚਨਾ ਦਾ ਅਧਿਕਾਰ ਦਿੱਤਾ ਹੋਇਆ ਹੈ, ਜਿਸ ਰਾਹੀਂ ਕੋਈ ਵੀ ਨਾਗਰਿਕ ਕਿਸੇ ਵੀ ਮਹਿਕਮੇਂ ਤੋਂ ਜਾਣਕਾਰੀ ਲੈ ਸਕਦਾ ਹੈ। ਇਸੇ ਅਧਿਕਾਰ ਦੀ ਵਰਤੋਂ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕ ਮਨਪ੍ਰੀਤ ਸਿੰਘ ਪੁੱਤਰ ਗੁਰਦਿੱਤ ਸਿੰਘ ਨੇ ਸ੍ਰੀ ਮੁਕਤਸਰ ਸਾਹਿਬ ਦੀ ਨਗਰ ਕੌਸਲ ਤੋਂ ਹਾਈਮਾਸਟ ਲਾਈਟਾਂ ਬਾਰੇ ਜਾਣਕਾਰੀ ਮੰਗ ਸੀ। ਕਰੀਬ ਡੇਢ ਮਹੀਨਾ ਤੋਂ ਵੱਧ ਸਮਾਂ ਗੁਜਰ ਜਾਣ ਤੇ ਨਗਰ ਕੌਸਲ ਵੱਲੋਂ ਗਲਤ ਅਤੇ ਅਧੂਰੀ ਸੂਚਨਾ ਮੁਹੱਈਆਂ ਕਰਵਾਈ ਗਈ ਹੈ। ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੂਚਨਾ ਵਿੱਚ ਹਾਈਮਾਸਟ ਲਾਈਟਾਂ ਦੀ ਕੁੱਲ ਗਿਣਤੀ 6 ਦੱਸੀ ਗਈ ਹੈ, ਜਿਨ੍ਹਾਂ ਦਾ ਖਰਚ 22 ਲੱਖ 80 ਹਜਾਰ ਰੁਪਏ ਪਾਇਆ ਗਿਆ ਹੈ। ਜਦਕਿ ਸ਼ਹਿਰ ਵਿੱਚ 12 ਹਾਈਮਾਸਟ ਲਾਈਟਾਂ ਦੇ ਪੋਲ ਲੱਗੇ ਹੋਏ ਹਨ। ਸੂਚਨਾ ਮੁਤਾਬਿਕ ਇੱਕ ਪੋਲ ਤੇ ਅੱਠ ਹਾਈਮਾਸਟ ਲਾਈਟਾਂ ਲਾਈਆਂ ਦੱਸੀਆਂ ਗਈਆਂ ਹਨ। ਜਦਕਿ ਜਿਆਦਾਤਰ ਪੋਲ ਤੇ ਹਾਈਮਾਸਟ ਲਾਈਟਾਂ ਦੀ ਗਿਣਤੀ ਪੂਰੀ ਨਹੀਂ ਹੈ। ਜੋ ਲਾਈਟਾਂ ਖਰਾਬ ਹੋਈਆਂ ਹਨ, ਉਨ੍ਹਾਂ ਨੂੰ ਉਤਾਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਥਾਂ ਨਵੀਆਂ ਲਾਈਟਾਂ ਨਹੀਂ ਲਾਈਆਂ ਗਈਆਂ ਹਨ। ਸਰਕਾਰੀ ਹਦਾਇਤਾਂ ਮੁਤਾਬਿਕ ਹਾਈਮਾਸਟ ਲਾਈਟਾਂ ਲਾਉਣ ਤੋਂ ਪਹਿਲਾਂ ਵਰਤਿਆ ਜਾਣ ਵਾਲਾ ਮਟੀਰੀਅਲ ਸਰਕਾਰੀ ਲੈਬ ਵਿੱਚੋਂ ਟੈਸਟ ਕੀਤਾ ਜਾਂਦਾ ਹੈ ਅਤੇ ਉਹ ਆਈ.ਐੱਸ.ਆਈ ਮਾਰਕਾ ਹੋਣਾ ਚਾਹੀਦਾ ਹੈ। ਪਰ ਨਗਰ ਕੌਸਲ ਕੋਲ ਖਰੀਦੇ ਗਏ ਮਟੀਰੀਅਲ ਦੀ ਕੋਈ ਟੈਸਟ ਰਿਪੋਰਟ ਨਹੀਂ ਹੈ। ਇਹ ਸੂਚਨਾ ਵਿੱਚ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਸ਼ਹਿਰ ਦੀਆਂ ਗਲੀਆਂ ਵਿੱਚ ਇੰਟਰਲਾੱਕ ਟਾਈਲਾਂ ਲਈਆਂ ਗਈਆਂ ਸਨ। ਜਿਨ੍ਹਾਂ ਨੂੰ ਨਗਰ ਕੌਸਲ ਨੇ ਸਰਕਾਰੀ ਲੈਬ ਤੋਂ ਟੈਸਟ ਕਰਵਾਇਆ ਸੀ ਪਰ ਟੈਸਟ ਰਿਪੋਰਟ ਮੁਤਾਬਿਕ ਇੰਟਰਲਾੱਕ ਟਾਈਲਾਂ ਦੀ ਵਰਤੋਂ ਨਹੀਂ ਕੀਤੀ ਗਈ। ਨਗਰ ਕੌਸਲ ਨੇ ਪ੍ਰਤੀ ਟਾਈਲ 14 ਰੁਪਏ ਖਰੀਦੀ ਦੱਸੀ ਗਈ ਹੈ। ਜਦਕਿ ਗਲੀਆਂ ਵਿੱਚ ਲੱਗੀ ਹੋਈ ਟਾਈਲ 7 ਰੁਪਏ ਦੀ ਕੀਮਤ ਵਾਲੀ ਹੈ। ਇਹ ਟਾਈਲਾਂ ਟੈਸਟ ਕਰਵਾਈਆਂ ਟਾਈਲਾਂ ਨਹੀਂ ਹਨ ਅਤੇ ਅਣਮਿਆਰੀ ਹਨ। ਗਲੀਆਂ ਵਿੱਚ ਇੰਟਰਲਾੱਕ ਟਾਈਲਾਂ ਲਾਉਣ ਸਮੇਂ ਥੱਲੇ ਪਾਇਆ ਜਾਂਦਾ ਮਟੀਰੀਅਲ ਵੀ ਪੂਰਾ ਨਹੀਂ ਪਾਇਆ ਗਿਆ। ਇਸ ਕਰਕੇ ਗਲੀਆਂ ਵਿੱਚ ਟਾਈਲਾਂ ਬੈਠ ਗਈਆਂ ਹਨ ਅਤੇ ਗਲੀਆਂ ਉੱਚੀਆਂ ਨੀਵੀਆਂ ਹੋ ਗਈਆਂ ਹਨ। ਨਗਰ ਕੌਸਲ ਤੋਂ ਟਾਈਲਾਂ ਦੀ ਮਿਆਦ ਬਾਰੇ ਪੁਛਣ ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਟਾਈਲਾਂ ਦੀ ਕੋਈ ਮਿਆਦ ਨਹੀਂ ਹੁੰਦੀ। ਮਨਪ੍ਰੀਤ ਸਿੰਘ ਨੇ ਕਿਹਾ ਹੈ ਕਿ ਜੇਕਰ ਇਨ੍ਹਾਂ ਦੀ ਮਿਆਦ ਨਹੀਂ ਹੁੰਦੀ ਤਾਂ ਉਹ ਟਾਈਲਾਂ ਲਾ ਕੇ ਜਨਤਾ ਦਾ ਪੈਸਾ ਖਰਾਬ ਕਿਉਂ ਕੀਤਾ ਗਿਆ ਹੈ।
ਨਗਰ ਕੌਂਸਲ ਮੁਕਤਸਰ ਨੇ ਆਰ.ਟੀ.ਆਈ ਰਾਹੀਂ ਮੰਗੀ ਸੂਚਨਾ ਦਿੱਤੀ ਗਲਤ ਅਤੇ ਅਧੁਰੀ



