ਫ਼ਤਹਿਗੜ੍ਹ ਸਾਹਿਬ, 22 ਜਨਵਰੀ (ਪੀ.ਟੀ.ਬਿਊਰੋ)-‘‘ਜਦੋ ਸ. ਗੁਰਬਖ਼ਸ ਸਿੰਘ ਖ਼ਾਲਸਾ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਕੇ ਭੁੱਖ ਹੜਤਾਲ ਤੇ ਬੈਠੇ ਸਨ ਤਾਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਡੁੰਘੀ ਦਿਲਚਸਪੀ ਰੱਖਦੇ ਹੋਏ ਇਸ ਸੰਘਰਸ਼ ਨੂੰ ਤੇ ਮਿਸਨ ਨੂੰ ਕਾਮਯਾਬ ਕਰਨ ਹਿੱਤ ਸਹਿਯੋਗ ਕਰ ਰਹੇ ਸੀ ਤੇ ਸਾਨੂੰ ਇਹ ਵੀ ਜਾਣਕਾਰੀ ਸੀ ਕਿ ਜਥੇਦਾਰ ਸਾਹਿਬਾਨ, ਸ. ਪ੍ਰਕਾਸ਼ ਸਿੰਘ ਬਾਦਲ, ਸ. ਅਵਤਾਰ ਸਿੰਘ ਮੱਕੜ ਅਤੇ ਸੰਤ ਸਮਾਜ ਬਾਦਲ ਸਰਕਾਰ ਦੀ ਸੋਚ ਤੇ ਅਮਲ ਕਰਦੇ ਹੋਏ ਕਿਸੇ ਸਮੇਂ ਵੀ ਇਸ ਸੰਘਰਸ਼ ਨੂੰ ਤਾਰਪੀਡੋ ਕਰਕੇ ਇਸ ਕੌਮੀ ਮਿਸਨ ਨੂੰ ਬਰੇਕਾ ਲਗਾ ਸਕਦੇ ਹਨ । ਇਸ ਲਈ ਹੀ ਅਸੀਂ ਇਸ ਮਿਸਨ ਵਿਚ ਆਪਣੇ ਉਦਮ ਨੂੰ ਸੋਚ ਸਮਝਕੇ ਕਰਦੇ ਆਏ ਹਾਂ
। ਜਦੋ ਜਥੇਦਾਰ ਸਾਹਿਬਾਨ, ਸ੍ਰੀ ਮੱਕੜ, ਸ. ਬਾਦਲ ਅਤੇ ਸੰਤ ਸਮਾਜ ਨੇ ਸ. ਗੁਰਬਖ਼ਸ ਸਿੰਘ ਖ਼ਾਲਸਾ ਵੱਲੋਂ ਕੀਤੀ ਅਰਦਾਸ ਨੂੰ ਤੁੜਵਾਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਬਾਰੇ ਬਚਨ ਕੀਤੇ ਸਨ, ਤਾਂ ਹੁਣ ਇਹ ਜਥੇਦਾਰ ਸਾਹਿਬਾਨ, ਸ੍ਰੀ ਮੱਕੜ, ਸ. ਬਾਦਲ ਤੇ ਸੰਤ ਸਮਾਜ ਪੇਰੋਲ ਤੇ ਆਏ ਸਿੰਘਾਂ ਸ. ਲਖਵਿੰਦਰ ਸਿੰਘ, ਸ. ਸ਼ਮਸੇਰ ਸਿੰਘ, ਸ. ਗੁਰਮੀਤ ਸਿੰਘ ਤੇ ਸ. ਲਾਲ ਸਿੰਘ ਦੀ ਪੱਕੀ ਰਿਹਾਈ ਲਈ ਉਚੇਚੇ ਤੌਰ ਤੇ ਕਾਨੂੰਨੀ ਅਮਲ ਕਿਉਂ ਨਹੀਂ ਕਰਦੇ? ਹੁਣ ਇਹ ਆਪਣੇ ਕੀਤੇ ਗਏ ਬਚਨਾਂ ਨੂੰ ਪਿੱਠ ਕਿਉਂ ਦੇ ਰਹੇ ਹਨ?ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੇਰੋਲ ਤੇ ਆਏ ਉਪਰੋਕਤ ਚਾਰੇ ਸਿੰਘਾਂ ਦੀ ਪੇਰੋਲ ਖ਼ਤਮ ਹੋ ਜਾਣ ਉਤੇ ਉਹਨਾਂ ਵੱਲੋਂ ਇਕ-ਦੋ ਦਿਨਾਂ ਵਿਚ ਫਿਰ ਜੇਲ੍ਹ ਵਿਚ ਜਾਣ ਦੇ ਹੋ ਰਹੇ ਅਮਲਾਂ ਉਤੇ ਡੂੰਘਾਂ ਦੁੱਖ ਤੇ ਹੈਰਾਨੀ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਇਕ ਪਾਸੇ ਸੱਜੇ ਦੱਤ ਵਰਗੇ ਐਕਟਰ ਜੋ ਸੰਗੀਨ ਜੁਰਮਾਂ ਅਧੀਨ ਜੇਲ੍ਹ ਵਿਚ ਬੰਦੀ ਹੈ, ਉਸ ਨੂੰ ਹਰ ਦੋ ਮਹੀਨਿਆਂ ਬਾਅਦ ਪੇਰੋਲ ਇਸ ਕਰਕੇ ਦੇ ਦਿੱਤੀ ਜਾਂਦੀ ਹੈ ਕਿਉਕਿ ਉਹ ਹਿੰਦੂ ਕੌਮ ਨਾਲ ਸੰਬੰਧਤ ਹੈ । ਸਿੱਖਾਂ ਨੂੰ ਪੇਰੋਲ ਵਧਾਉਣ ਤੇ ਇਸ ਕਰਕੇ ਇਨਕਾਰ ਕੀਤਾ ਜਾਂਦਾ ਹੈ ਕਿ ਉਹ ਘੱਟ ਗਿਣਤੀ ਕੌਮ ਨਾਲ ਸੰਬੰਧਤ ਹਨ । ਇਕੋ ਵਿਧਾਨ, ਇਕੋ ਕਾਨੂੰਨ ਤਹਿਤ ਹਿੰਦੂ ਅਤੇ ਸਿੱਖਾਂ ਨਾਲ ਪੇਸ਼ ਆਉਦੇ ਹੋਏ ਹੁਕਮਰਾਨ, ਅਦਾਲਤਾਂ ਖੁਦ ਹੀ ਵਿਤਕਰੇ ਕਰਕੇ ਸਿੱਖ ਕੌਮ ਨੂੰ ਗੁਲਾਮੀਅਤ ਦਾ ਅਹਿਸਾਸ ਕਰਵਾ ਰਹੀਆਂ ਹਨ । ਜਿਸ ਦੇ ਨਤੀਜੇ ਕਦੀ ਵੀ ਲਾਹੇਵੰਦ ਨਹੀਂ ਹੋਣਗੇ।
ਉਹਨਾਂ ਸਿੱਖ ਕੌਮ ਦੇ ਜਥੇਦਾਰ ਸਾਹਿਬਾਨ, ਸ੍ਰੀ ਮੱਕੜ, ਸ. ਬਾਦਲ ਅਤੇ ਸੰਤ ਸਮਾਜ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਉਹ ਖ਼ਾਲਸਾ ਪੰਥ ਨੂੰ ਗੁੰਮਰਾਹ ਕਰਕੇ, ਸਿੱਖ ਕੌਮ ਨਾਲ ਧੋਖਾ ਕਰਕੇ ਆਪਣੇ ਕੀਤੇ ਗਏ ਬਚਨਾਂ ਤੋ ਮੁੰਨਕਰ ਹੋ ਕੇ ਸਿੱਖ ਕੌਮ ਨੂੰ ਕਿਹੋ ਜਿਹਾ ਸੰਦੇਸ਼ ਦੇਣਾ ਚਾਹੁੰਦੇ ਹਨ ? ਉਹਨਾਂ ਕਿਹਾ ਕਿ ਪੇਰੋਲ ਤੇ ਆਏ ਸਿੱਖਾਂ ਦੀ ਪੱਕੀ ਰਿਹਾਈ ਤਾ ਕਰਵਾ ਹੀ ਨਹੀ ਸਕੇ, ਬਲਕਿ ਯੂ.ਪੀ. ਅਤੇ ਕਰਨਾਟਕਾ ਦੀ ਜੇਲ੍ਹ ਵਿਚ ਬੰਦੀ ਦੋਵੇ ਸਿੱਖਾਂ ਦੀ ਰਿਹਾਈ ਦੇ ਕੇਸ ਲਈ ਇਹਨਾਂ ਵੱਲੋਂ ਕੋਈ ਉਦਮ ਨਾ ਕਰਨਾ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਇਹ ਲੋਕ ਆਰ.ਐਸ.ਐਸ, ਬੀਜੇਪੀ ਅਤੇ ਹਿੰਦੂਤਵ ਜਮਾਤਾਂ ਦੇ ਗੁਲਾਮ ਬਣ ਚੁੱਕੇ ਹਨ। ਇਸ ਲਈ ਸਿੱਖ ਕੌਮ ਨੂੰ ਇਹਨਾਂ ਆਗੂਆਂ ਉਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਬਲਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਿੱਖ ਕੌਮ ਦੀ ਸੰਪੂਰਨ ਆਜ਼ਾਦੀ ਲਈ ਵਿੱਢੇ ਗਏ ਜਮਹੂਰੀਅਤਮਈ ਸੰਘਰਸ਼ ਨੂੰ ਹਰ ਪੱਖੋ ਸਹਿਯੋਗ ਦੇ ਕੇ ਸਿੱਖ ਕੌਮ ਨਾਲ ਹੁਕਮਰਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਬੇਇਨਸਾਫ਼ੀਆਂ ਦਾ ਸਦਾ ਲਈ ਅੰਤ ਕਰਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ।