ਖੁਦਕੁਸ਼ੀ ਕਰਨ ਵਾਲੀ ਮਹਿਲਾ ਦੇ ਪਤੀ, ਜੇਠ, ਸੱਸ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ
ਬੁਢਲਾਡਾ, 15 ਜਨਵਰੀ (ਨਛੱਤਰ ਸਿੰਘ ਕਾਹਨਗੜ੍ਹ)- ਪਾਪਾ ਲੋਹੜੀ ਲੈ ਕੇ ਆਉਣਾ ਨਹੀਂ ਤਾਂ ਮੇਰੀ ਸੱਸ ਅਤੇ ਸਹੁਰਾ ਪਰਿਵਾਰ ਫਿਰ ਤੋਂ ਮੇਰੀ ਕੁੱਟਮਾਰ ਕਰਨਗੇ। ਇਹ ਸ਼ਬਦ ਫਾਹਾ ਲੈ ਕੇ ਖੁਦਕੁਸ਼ੀ ਕਰਨ ਵਾਲੀ 21 ਸਾਲਾਂ ਸਵੇਤਾ ਨੇ ਆਖਰੀ ਸ਼ਬਦ ਆਪਣੇ ਪਿਤਾ ਨੂੰ ਕਹੇ। ਅੱਜ ਸਿਟੀ ਥਾਣਾ ਵਿੱਚ ਭਰੇ ਮਨ ਨਾਲ ਲੜਕੀ ਦੇ ਪਿਤਾ ਧਰਮਿੰਦਰ ਸਿੰਘ, ਦਾਦਾ ਅਤੇ ਭਰਾਵਾਂ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਲੜਕੀ ਦੀ ਸ਼ਾਦੀ ਆਪਣੀ ਹੈਸੀਅਤ ਤੋਂ ਵੱਧ ਕੇ 6 ਲੱਖ ਦੇ ਕਰੀਬ ਖਰਚ ਕਰਕੇ ਦਾਜ ਦਹੇਜ਼ ਦਿੱਤਾ ਪ੍ਰੰਤੂ ਸਹੁਰੇ ਪਰਿਵਾਰ ਵੱਲੋਂ ਵਾਰ ਵਾਰ ਇਸ ਸੰਬੰਧੀ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ। ਲੋਹੜੀ ਦੇ ਤਿਉਹਾਰ ਤੋਂ ਦੋ ਦਿਨ ਪਹਿਲਾ ਮੇਰੀ ਲੜਕੀ ਸਵੇਤਾ ਨੇ ਮੇਰੇ ਨਾਲ ਗੱਲ ਕੀਤੀ ਕਿ ਪਾਪਾ ਲੋਹੜੀ ਲੈ ਕੇ ਆਉਣਾ ਪਰ ਮੈਂ ਪਰਿਵਾਰਕ ਕੰਮਾਂ ਕਾਜਾਂ ਅਤੇ ਰਿਸ਼ਤੇਦਾਰੀ ਵਿੱਚ ਵਿਆਹ ਹੋਣ ਕਾਰਨ ਲੜਕੀ ਘਰ ਲੋਹੜੀ ਲੈ ਕੇ ਨਾ ਆ ਸਕਿਆ ਜਿਸ ਦਾ ਨਤੀਜਾ ਅੱਜ ਮੇਰੀ ਲੜਕੀ ਦੀ ਲਾਸ਼ ਪ੍ਰਾਪਤ ਹੋਈ। ਵਰਣਨਯੋਗ ਹੈ ਕਿ ਬੀਤੇ ਕੱਲ੍ਹ ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਮੁਲਖ ਰਾਜ ਦੀ ਨੂੰਹ ਨੇ ਪੱਖੇ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਸੀ। ਸਿਟੀ ਪੁਲਿਸ ਨੇ ਲੜਕੀ ਦੇ ਪਿਤਾ ਧਰਮਿੰਦਰ ਸਿੰਘ ਵਾਸੀਆਨ ਮਲੇਰਕੋਟਲਾ ਦੇ ਬਿਆਨ ਤੇ ਮ੍ਰਿਤਕ ਦੇ ਪਤੀ ਨਵਦੀਪ ਸਿੰਘ, ਜੇਠ ਜਤਿੰਦਰ ਜ਼ੋਲੀ, ਸਹੁਰਾ ਮੁਲਖ ਰਾਜ ਅਤੇ ਸੱਸ ਨਵੀਨ ਰਾਣੀ ਦੇ ਖ਼ਿਲਾਫ਼ ਧਾਰਾ 304 ਬੀ ਅਧੀਨ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਹੁਰੇ ਪਰਿਵਾਰ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਮ੍ਰਿਤਕ ਲੜਕੀ ਦੀ ਲਾਸ਼ ਨੂੰ ਉਹਨਾਂ ਦੀ ਦੁਕਾਨ ਅੱਗੇ ਰੋਸ ਪ੍ਰਦਰਸ਼ਨ ਕਰਨਾ ਚਾਹਿਆ ਪਰ ਪੁਲਿਸ ਨੇ ਅਮਨ ਕਾਨੂੰਨ ਦੀ ਵਿਵਸਥਾਂ ਨੂੰ ਧਿਆਨ ਵਿੱਚ ਰੱਖਦਿਆਂ ਐਸ ਐਚ ਓ ਬਲਵਿੰਦਰ ਸਿੰਘ ਰੋਮਾਣਾਂ ਦੀ ਬੇਨਤੀ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਦੀ ਲਾਸ਼ ਉਸਦੇ ਪੇਕੇ ਘਰ ਮਲੇਰਕੋਟਲਾ ਵਿਖੇ ਲਿਜਾਉਣ ਲਈ ਸਹਿਮਤੀ ਬਣਾ ਲਈ। ਇਸ ਦੁੱਖਦਾਇਕ ਘਟਨਾ ਤੇ ਸ਼ਹਿਰ ਵਿੱਚ ਭਾਰੀ ਮਾਤਮ ਛਾਇਆ ਹੋਇਆ ਹੈ। ਦੂਸਰੇ ਪਾਸੇ ਮ੍ਰਿਤਕ ਦੇ ਸਹੁਰਾ ਪਰਿਵਾਰ, ਪਤੀ ਅਤੇ ਜੇਠ ਫਰਾਰ ਦੱਸੇ ਗਏ ਹਨ।



