Skip to content
Independent perspectives. Global stories.
BREAKING

ਨਵਜੋਤ ਸਿੰਘ ਸਿੱਧੂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਚੱਪੜਚਿੜੀ ਲਈ 24 ਲੱਖ ਦੇਣ ਦਾ ਐਲਾਨ

Share this story

ਐਸ.ਏ.ਐਸ.ਨਗਰ, 10 ਜਨਵਰੀ (ਧੱਮੀ ਸ਼ਰਮਾ)- ਸੱਭਿਆਚਾਰਕ ਮਾਮਲਿਆਂ ਅਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਚੱਪੜਚਿੜੀ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਦਾ ਦੌਰਾ ਕਰਦਿਆਂ ਇਥੇ ਆਉਣ ਵਾਲੇ ਸੈਲਾਨੀਆਂ ਦੀ ਸਹੂਲਤ ਅਤੇ ਇਸ ਥਾਂ ਦੇ ਵਿਕਾਸ ਲਈ 24 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸਥਾਨਕ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਵੱਲੋਂ ਮੁਹਾਲੀ ਸ਼ਹਿਰ ਤੋਂ ਯਾਦਗਾਰ ਨੂੰ ਜੋੜਦੀ ਸੜਕ ਦੀ ਖਸਤਾ ਹਾਲਤ ਅਤੇ ਯਾਦਗਾਰ ਵਿਖੇ ਸੈਲਾਨੀਆਂ ਦੀ ਸੁਵਿਧਾ ਲਈ ਬੁਨਿਆਦੀ ਢਾਂਚਾ ਵਿਕਸਤ ਕਰਨ ਦੀ ਮੰਗ ਕਰਨ ਉਪਰੰਤ ਕੈਬਨਿਟ ਮੰਤਰੀ ਸ. ਸਿੱਧੂ ਨੇ ਅੱਜ ਇਸ ਥਾਂ ਦਾ ਦੌਰਾ ਕਰ ਕੇ ਮੌਜੂਦਾ ਹਾਲਤਾਂ ਨੂੰ ਵੇਖਿਆ। ਸ. ਸਿੱਧੂ ਨੇ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਯਾਦਗਾਰ ਨਾਲ ਜੋੜਦੀ ਸੜਕ ਦੇ ਨਵੀਨੀਕਰਨ ਲਈ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤਰਫੋਂ 12 ਲੱਖ ਰੁਪਏ ਅਤੇ ਯਾਦਗਾਰ ਦੇ ਸੁੰਦਰੀਕਰਨ ਤੇ ਸੈਲਾਨੀਆਂ ਨੂੰ ਸੁਵਿਧਾਵਾਂ ਦੇਣ ਲਈ ਉਹ ਆਪਣੇ ਨਿੱਜੀ ਅਖਤਿਆਰੀ ਕੋਟੇ ਵਿੱਚੋਂ 12 ਲੱਖ ਰੁਪਏ ਦੇਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਥਿਤ ਇਤਿਹਾਸਕ ਤੇ ਵਿਰਾਸਤੀ ਥਾਵਾਂ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ ਤਾਂ ਜੋ ਪੰਜਾਬ ਤੋਂ ਬਾਹਰ ਦੇਸ਼ਾਂ ਤੇ ਵਿਦੇਸ਼ਾਂ ਤੋਂ ਵੀ ਸੈਲਾਨੀ ਵੱਡੀ ਗਿਣਤੀ ਵਿੱਚ ਪੰਜਾਬ ਆਉਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਵਿੱਚ ਵਿਰਾਸਤੀ ਮੇਲੇ ਮੁੜ ਬਹਾਲ ਕੀਤੇ ਗਏ ਹਨ ਅਤੇ ਵਿਭਾਗ ਵੱਲੋਂ ਪਟਿਆਲਾ, ਅੰਮ੍ਰਿਤਸਰ, ਬਠਿੰਡਾ ਤੇ ਕਪੂਰਥਲਾ ਵਿਖੇ ਵਿਰਾਸਤੀ ਮੇਲੇ ਲਗਾਏ ਜਾਣਗੇ। ਪਹਿਲਾ ਮੇਲਾ ਫਰਵਰੀ ਵਿੱਚ ਪਟਿਆਲਾ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਦਾ ਸਲੋਗਨ ‘ਸੱਭਿਆਚਾਰ ਤੋਂ ਰੋਜ਼ਗਾਰ’ ਜਿਸ ਤਹਿਤ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਰਾਹੀਂ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ ਅਤੇ ਸੂਬੇ ਅੰਦਰ ਸਥਿਤ ਸੈਲਾਨੀ ਕੇਂਦਰਾਂ ਨੂੰ ਸੈਲਾਨੀਆਂ ਲਈ ਹੋਰ ਖਿੱਚ ਭਰਪੂਰ ਬਣਾਉਣਾ ਹੈ।ਸ. ਸਿੱਧੂ ਨੇ ਕਿਹਾ ਕਿ ਚੱਪੜਚਿੜੀ ਯਾਦਗਾਰ ਸਿੱਖ ਕੌਮ ਦੇ ਸ਼ਾਨਾਮੱਤੀ ਇਤਿਹਾਸ ਦੀ ਗਵਾਹ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ੁਲਮ ਦਾ ਨਾਸ਼ ਕਰਦਿਆਂ ਹੱਕ-ਸੱਚ ਤੇ ਧਰਮ ਦਾ ਰਾਜ ਸਥਾਪਤ ਕਰ ਕੇ ਸਿੱਕਾ ਚਲਾਇਆ ਸੀ।

WRITTEN BY