ਬਰੇਟਾ, 10 ਜਨਵਰੀ (ਜੈਲ ਕੌਰ ਖਾਲਸਾ ਕਾਹਨਗੜ੍ਹ)- ਪਿੰਡ ਧਰਮਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਕਾਰਨ ਵਿਦਿਆਰਥੀਆਂ ਦਾ ਵਿੱਦਿਅਕ ਪੱਖੋਂ ਨੁਕਸਾਨ ਹੋ ਰਿਹਾ ਹੈ। ਇਹ ਸਕੂਲ ਪਹਿਲਾ ਹਾਈ ਪੱਧਰ ਤੱਕ ਸੀ ਜੋ ਕਿ ਅੱਜ ਤੋਂ ਲਗਭਗ ਡੇਢ ਸਾਲ ਪਹਿਲਾ ਪੰਜਾਬ ਸਰਕਾਰ ਵੱਲੋਂ ਅਪ ਗ੍ਰੇਡ ਕਰਕੇ ਸੈਕੰਡਰੀ ਪੱਧਰ ਤੱਕ ਦਾ ਕੀਤਾ ਗਿਆ ਸੀ ਤਾਂ ਜੋ ਕਿ ਪਿੰਡ ਅਤੇ ਨਾਲ ਲਗਦੇ ਇਲਾਕੇ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਦੂਰ ਦੁਰਾਡੇ ਜਾ ਸ਼ਹਿਰ ਬਰੇਟਾ ਵਿਖੇ ਨਾ ਜਾਣਾ ਪਵੇ ਖਾਸ ਕਰਕੇ ਇਸ ਸਕੂਲ ਨੂੰ ਪਿੰਡ ਦੀ ਪੰਚਾਇਤ, ਕਲੱਬ ਅਤੇ ਸਮਾਜ ਸੇਵੀਆਂ ਵੱਲੋਂ ਲੜਕੀਆਂ ਦੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਉਪਰਾਲਾ ਕਰਕੇ ਸਕੂਲ ਨੂੰ ਅਪ ਗ੍ਰੇਡ ਕਰਵਾਉਣ ਵਿੱਚ ਅਹਿਮ ਯੋਗਦਾਨ ਪਾਇਆ ਸੀ । ਇਹ ਜਾਣਕਾਰੀ ਦਿੰਦਿਆਂ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਗੁਰਜੀਤ ਸਿੰਘ ਅਤੇ ਜਗਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਕੂਲ ਵਿੱਚ ਛੇਵੀਂ ਕਲਾਸ ਤੋਂ ਲੈ ਕੇ ਬਾਰ੍ਹਵੀਂ ਤੱਕ 336 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ ।ਸਕੂਲ ਦਾ ਪ੍ਰਬੰਧ ਚਲਾਉਣ ਲਈ ਮੁੱਖ ਤੋਰ ਤੇ ਪ੍ਰਿੰਸੀਪਲ ਦੀ ਜਰੂਰਤ ਹੁੰਦੀ ਹੈ ।ਇਹ ਆਸਾਮੀ ਵੀ ਸਕੂਲ ਵਿੱਚ ਖਾਲੀ ਪਈ ਹੈ ।ਇਸੇ ਤਰ੍ਹਾਂ ਲੈਕਚਰਾਰ ਦੀਆਂ ਪੰਜ ਵਿੱਚੋਂ ਕੋਈ ਵੀ ਆਸਾਮੀ ਭਰੀ ਨਹੀਂ ਹੋਈ ,ਸਈਸ ਵਿਸ਼ੇ ਦੀਆਂ ਦੋ, ਡਰਾਇੰਗ ਵਿਸ਼ੇ ਦੀ ਇੱਕ ,ਕੰਪਿਊਟਰ ਦੀਆਂ ਦੋ ਵਿੱਚੋਂ ਇੱਕ, ਦਫ਼ਤਰੀ ਕੰਮ ਕਰਨ ਲਈ ਕਲਰਕ ਦੀ ਆਸਾਮੀ ਅਤੇ ਸੇਵਾਦਾਰ ਦੀ ਆਸਾਮੀ ਖਾਲੀ ਪਈਆਂ ਹਨ ।ਸਕੂਲ ਦਾ ਪ੍ਰਬੰਧ ਚਲਾ ਰਹੇ ਸਤੀਸ਼ ਕੁਮਾਰ ਅਤੇ ਕੰਪਿਊਟਰ ਅਧਿਆਪਕ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਾਲ 2005-06 ਵਿੱਚ ਸਕੂਲ ਨੂੰ ਨੋ ਕੰਪਿਊਟਰ ਪ੍ਰਾਪਤ ਹੋਏ ਸਨ ਜਿਨ੍ਹਾਂ ਵਿੱਚੋਂ ਇਸ ਸਮੇਂ ਸਿਰਫ਼ ਤਿੰਨ ਹੀ ਠੀਕ ਰੂਪ ਵਿੱਚ ਕੰਮ ਕਰ ਰਹੇ ਹਨ ਕਿਉਂਕਿ ਵਿਭਾਗ ਵੱਲੋਂ ਮਿਲੇ ਇਨ੍ਹਾਂ ਕੰਪਿਊਟਰਾਂ ਦੇ ਰੱਖ ਰਖਾਵ ਲਈ ਕੰਪਨੀ ਨਾਲ ਸਮਝੌਤਾ ਹੁੰਦਾ ਸੀ ਅਤੇ ਪੰਜ ਹਜ਼ਾਰ ਰੁਪਏ ਪ੍ਰਤੀ ਸਾਲ ਸਕੂਲ ਨੂੰ ਵਿਭਾਗ ਵੱਲੋਂ ਗ੍ਰਾਂਟ ਦਿੱਤੀ ਜਾਂਦੀ ਸੀ ।ਜਿਸ ਨਾਲ ਸਟੇਸ਼ਨਰੀ ਅਤੇ ਹੋਰ ਖ਼ਰਚਿਆਂ ਲਈ ਵਰਤਿਆ ਜਾਂਦਾ ਸੀ ।ਪਿਛਲੇ ਸਮੇਂ ਤੋਂ ਸਕੂਲ ਨੂੰ ਮਿਲਣ ਵਾਲੀ ਇਹ ਗ੍ਰਾਂਟ ਵੀ ਪ੍ਰਾਪਤ ਨਹੀਂ ਹੋਈ ।ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪੜਾਉਣ ਦੇ ਲਈ ਪੀ.ਟੀ.ਏ. ਤੇ ਚਾਰ ਅਧਿਆਪਕ ਰੱਖੇ ਹੋਏ ਹਨ ਜਿਨ੍ਹਾਂ ਦੀ ਤਨਖਾਹ ਦਾ ਪ੍ਰਬੰਧ ਪਿੰਡ ਦੀ ਪੰਚਾਇਤ ਵੱਲੋਂ ਆਪਣੇ ਪੱਧਰ ਤੇ ਕੀਤਾ ਜਾਂਦਾ ਹੈ । ਸਕੂਲ ਨੂੰ ਚਲਾਉਣ ਲਈ ਗ੍ਰਾਮ ਪੰਚਾਇਤ, ਕਲੱਬ ਅਤੇ ਪਿੰਡ ਦੇ ਪਤਵੰਤਿਆਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ ।ਉਨ੍ਹਾਂ ਮੰਗ ਕੀਤੀ ਕਿ ਖਾਲੀ ਅਸਾਮੀਆਂ ਜਲਦੀ ਭਰੀਆਂ ਜਾਣ ਜਿਸ ਨਾਲ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ । ਜਦ ਇਸ ਸਬੰਧੀ ਜਿੱਲ੍ਹਾ ਸਿੱਖਿਆ ਅਫਸਰ (ਸ.ਸ) ਜਗਰੂਪ ਸਿੰਘ ਭਾਰਤੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ 3582 ਅਸਾਮੀਆਂ ਦੀ ਕੌਸਲਿੰਗ ਚੱਲ ਰਹੀ ਹੈ ਨਵੇ ਸੈਸ਼ਨ ਤੋਂ ਪਹਿਲਾ ਪਹਿਲਾ ਅਪ ਗ੍ਰੇਡ ਹੋਏ ਸਕੂਲਾਂ ਵਿੱਚ ਖਾਲ਼ੀ ਪਈਆ ਅਸਮੀਆਂ ਦੇ ਭਰੇ ਜਾਣ ਦੀ ਪੂਰੀ ਸੰਭਾਵਨਾ ਹੈ।
ਧਰਮਪੁਰਾ ਦੇ ਸਕੂਲ ’ਚ ਅਧਿਆਪਕਾਂ ਦੀ ਵੱਡੀ ਘਾਟ



