ਅੰਮ੍ਰਿਤਸਰ, 20 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪਵਿੱਤਰ ਸਥਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਹੁਤ ਵਿਸ਼ੇਸ਼ ਵਿਅਕਤੀਆਂ (ਵੀ.ਆਈ.ਪੀ.) ਤੇ ਉ¤ਘੀਆਂ ਹਸਤੀਆਂ ਨੂੰ ਵੀ ਹੋਰਨਾਂ ਸੰਗਤਾਂ ਵਾਂਗ ਹੀ ਸਮਝਿਆ ਜਾਂਦਾ ਹੈ, ਇੱਥੇ ਸਾਰਿਆਂ ਨੂੰ ਇੱਕੋ ਜਿਹਾ ਸਮਝਿਆ ਜਾਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇੱਥੇ ਕੋਈ ਵਿਸ਼ੇਸ਼ ਪਹਿਲ ਨਹੀਂ ਦਿੱਤੀ ਜਾਂਦੀ। ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਦੁੱਖ ਭੰਜਨੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਾਉਣ ਲਈ ਪੰਜਾਬ ਦੇ 5ਵੀਂ ਵਾਰ ਮੁੱਖ ਮੰਤਰੀ ਬਣੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕੁਝ ਸਾਲ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪਵੇਗਾ। ਸ. ਪ੍ਰਕਾਸ਼ ਸਿੰਘ ਬਾਦਲ ਦਾ ਨਾਂਅ ਉਨ੍ਹਾਂ 1,30,000 ਸ਼ਰਦਾਲੂਆਂ ਦੀ ਸੂਚੀ ਵਿੱਚ ਸ਼ਾਮਿਲ ਹੈ ਜਿਹੜੇ ਇਸ ਪਵਿੱਤਰ ਸਥਾਨ ’ਤੇ ਸ੍ਰੀ ਅਖੰਡ ਪਾਠ ਸਾਹਿਬ ਕਰਾਉਣ ਦੇ ਸ਼ਰਧਾਵਾਨ ਹਨ। ਹਰਿਮੰਦਰ ਸਾਹਿਬ ਕੰਪਲੈਕਸ ਦੇ ਮੈਨੇਜਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਦਰਬਾਰ ਸਾਹਿਬ ਦੇ ਅੰਦਰ ਕਈ ਸਥਾਨਾਂ ’ਤੇ ਅਖੰਡ ਪਾਠ ਸਾਹਿਬ ਕੀਤੇ ਜਾਂਦੇ ਹਨ ਪਰ ਕੁਝ ਥਾਵਾਂ ’ਤੇ ਉਨ੍ਹਾਂ ਕੋਲ 2019 ਤੱਕ ਲਈ ਪਾਠ ਬੁੱਕ ਹਨ। ਉਨ੍ਹਾਂ ਅੱਗੇ ਦੱਸਿਆ ਕਿ ਗੁਰੂ ਘਰ ਵਿਖੇ ਕੋਈ ਵੀ ਵਿਸ਼ੇਸ਼ ਵਿਅਕਤੀ (ਵੀ. ਆਈ. ਪੀ.) ਨਹੀਂ ਹੈ। ਹਰੇਕ ਨੂੰ ਅਖੰਡ ਪਾਠ ਸਾਹਿਬ ਕਰਾਉਣ ਲਈ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ। ਇਥੇ ਅਖੰਡ ਪਾਠ ਕਰਾਉਣ ਲਈ ਜਿਹੜੀਆਂ ਮੰਨੀਆਂ ਪਰਮੰਨੀਆਂ ਹਸਤੀਆਂ ਵਾਰੀ ਦੀ ਉਡੀਕ ਵਿੱਚ ਹਨ ਉਨ੍ਹਾਂ ਵਿੱਚ ਬਾਲੀਵੁੱਡ ਅਦਾਕਾਰ ਅਮਿਤਾਬ ਬੱਚਨ, ਅਨਿਲ ਕਪੂਰ, ਅਕਸ਼ੈ ਕੁਮਾਰ ਤੇ ਪ੍ਰਵਾਸੀ ਭਾਰਤੀ ਵਪਾਰੀ ਸੰਤ ਸਿੰਘ ਛਤਵਾਲ ਸ਼ਾਮਿਲ ਹਨ।