ਡਰੱਗ ਤਸਕਰੀ ਮਾਮਲਾ : ਕਾਂਗਰਸ ਦੀ ਭੁੱਖ ਹੜਤਾਲ ਦੂਸਰੇ ਦਿਨ ਵੀ ਜਾਰੀ ਰਹੀ
ਚੰਡੀਗੜ੍ਹ, 20 ਜਨਵਰੀ (ਵਿਸ਼ਵ ਵਾਰਤਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਬਹੁਕਰੋੜੀ ਡਰੱਗ ਰੈਕੇਟ ਦੀ ਸੀ.ਬੀ.ਆਈ ਜਾਂਚ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਭੁੱਖ ਹੜਤਾਲ ਅੱਜ ਦੂਜੇ ਦਿਨ ’ਚ ਦਾਖਲ ਹੋ ਗਈ। ਮਜੀਠਾ ਤੇ ਅਜਨਾਲਾ ਹਲਕੇ ਦੇ ਕਾਂਗਰਸੀ ਵਰਕਰਾਂ ਨੇ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰਾਂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਤੇ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਕਾਂਗਰਸ ਭਵਨ ਵਿਖੇ ਦਿਨ ਭਰ ਭੁੱਖ ਹੜ੍ਹਤਾਲ ਕੀਤੀ, ਜਿਨ੍ਹਾਂ ਨਾਲ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਵੀ ਮੌਜੂਦ ਰਹੇ। ਇਸ ਮੌਕੇ ਨਸ਼ਾ ਵਿਰੋਧੀ ਅੰਦੋਲਨ ਦੇ ਕੋਆਰਡੀਨੇਟਰ ਅਸ਼ਵਨੀ ਸੇਖੜੀ ਤੇ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਫਤਹਿ ਜੰਗ ਸਿੰਘ ਬਾਜਵਾ ਵੀ ਮੌਜ਼ੂਦ ਰਹੇ। ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾਖੋਰੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ ਅਤੇ ਰੈਕੇਟ ’ਚ ਸੀਨੀਅਰ ਮੰਤਰੀਆਂ ਤੇ ਅਫਸਰਾਂ ਦਾ ਸ਼ਾਮਿਲ ਹੋਣਾ ਗੰਭੀਰ ਮੁੱਦਾ ਹੈ। ਪੂਰੇ ਰੈਕੇਟ ਦੀ ਸੀ.ਬੀ.ਆਈ ਜਾਂਚ ਹੀ ਡਰੱਗ ਮਾਫੀਆ ਨੂੰ ਸ਼ੈਅ ਦੇਣ ਵਾਲੇ ਪ੍ਰਭਾਵਸ਼ਾਲੀ ਸਿਆਸਤਦਾਨਾਂ ਦਾ ਭਾਂਡਾਫੋੜ ਕਰ ਸਕਦੀ ਹੈ।
ਦੂਲੋ ਨੇ ਪੰਜਾਬ ਦੀ ਸੱਤਾ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਾਂਝੇਦਾਰ ਭਾਜਪਾ ਦੀ ਚੁੱਪੀ ’ਤੇ ਸਵਾਲ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਲੋਕਾਂ ਦੀ ਹਾਲਤ ’ਤੇ ਕੋਈ ਚਿੰਤਾ ਨਹੀਂ ਜਾਹਿਰ ਕਰ ਰਹੀ। ਉਨ੍ਹਾਂ ਨੇ ਭਾਜਪਾ ਆਗੂਆਂ ਨੂੰ ਅੱਗੇ ਆਉਣ ਤੇ ਕਾਂਗਰਸ ਪਾਰਟੀ ਵੱਲੋਂ ਚਲਾਏ ਅੰਦੋਲਨ ’ਚ ਸਾਥ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਭਾਜਪਾ ’ਤੇ ਛੋਟੇ ਫਾਇਦਿਆਂ ਖਾਤਿਰ ਅਕਾਲੀ ਦਲ ਅੱਗੇ ਘੁਟਣੇ ਟੇਕਣ ਦਾ ਦੋਸ਼ ਲਗਾਇਆ।
ਦੂਲੋ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਸ਼ਲਾਘਾਯੋਗ ਹਨ, ਜਿਹੜੇ ਪਾਰਟੀ ਨੂੰ ਸਫਲ ਅਗਵਾਈ ਦੇ ਰਹੇ ਹਨ ਤੇ ਲੋਕ ਭਲਾਈ ਨਾਲ ਜੁੜੇ ਮੁੱਦੇ ਚੁੱਕ ਰਹੇ ਹਨ। ਉਨ੍ਹਾਂ ਨੇ ਕਿਹਾਕਿ ਨਾ ਅਕਾਲੀ ਤੇ ਨਾ ਹੀ ਭਾਜਪਾ ਨੂੰ ਇਸ ਰਿਪੋਰਟ ਨਾਲ ਕੋਈ ਫਰਕ ਪਿਆ ਹੈ, ਜਿਸ ’ਚ ਲੜਕੀਆਂ ਸਮੇਤ ਪੰਜਾਬ ਦੇ 70 ਪ੍ਰਤੀਸ਼ਤ ਨੌਜਵਾਨਾਂ ਵੱਲੋਂ ਕਦੇ ਨਸ਼ਾ ਕਰਨ ਦਾ ਖੁਲਾਸਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਤੇ ਸਿਆਸਤਦਾਨਾਂ ਦੀ ਸ਼ੈਅ ਬਗੈਰ ਨਸ਼ੇ ਦਾ ਵਪਾਰ ਫੱਲ ਫੁੱਲ ਨਹੀਂ ਸਕਦਾ। ਪੰਜਾਬ ਦੇ ਲੋਕਾਂ ਨੇ ਅਕਾਲੀ ਭਾਜਪਾ ਨੂੰ ਸੂਬੇ ਦੇ ਵਧੀਆ ਭਵਿੱਖ ਵਾਸਤੇ ਆਦੇਸ਼ ਦਿੱਤਾ ਸੀ, ਪਰ ਇਹ ਪਾਰਟੀਆਂ ਲੋਕਾਂ ਨਾਲ ਧੋਖਾ ਕਰ ਰਹੀਆਂ ਹਨ।
ਦੂਲੋ ਨੇ ਕਿਹਾ ਕਿ ਬਾਜਵਾ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੇ ਅੰਦੋਲਨ ਨੂੰ ਏ.ਆਈ.ਸੀ.ਸੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਤੇ ਜਨਰਲ ਸਕੱਤਰ, ਪੰਜਾਬ ਇੰਚਾਰਜ ਸ਼ਕੀਲ ਅਹਿਮਦ ਦਾ ਸਮਰਥਨ ਪ੍ਰਾਪਤ ਹੈ। ਬਾਜਵਾ ਦੀ ਅਗਵਾਈ ’ਚ ਕਾਂਗਰਸ ਇਕਜੁੱਟ ਹੈ। ਉਨ੍ਹਾਂ ਨੇ ਪ੍ਰਦੇਸ਼ ਕਾਰਜਕਾਰਨੀ ਕਮੇਟੀ ਦੀ ਨਵੀਂ ਸੂਚੀ ’ਚ ਸਾਰੇ ਵਰਗਾਂ ਨੂੰ ਸਥਾਨ ਦੇਣ ਲਈ ਬਾਜਵਾ ਦਾ ਧੰਨਵਾਦ ਕੀਤਾ।
ਨਸ਼ਿਆਂ ਖਿਲਾਫ ਅੰਦੋਲਨ ਦੇ ਕੋਆਰਡੀਨੇਟਰ ਏ.ਆਈ.ਸੀ.ਸੀ ਸਕੱਤਰ ਅਸ਼ਵਨੀ ਸੇਖੜੀ ਨੇ ਕਿਹਾ ਕਿ ਪੰਜਾਬ ਦੇ ਹਰੇਕ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਨਸ਼ਾਖੋਰੀ ਖਿਲਾਫ ਅਵਾਜ਼ ਚੁੱਕੇ। ਉਨ੍ਹਾਂ ਨੇ ਕਿਹਾ ਕਿ ਅਕਾਲੀ ਆਗੂਆਂ ਵੱਲੋਂ ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਖਿਲਾਫ ਸੀ.ਬੀ.ਆਈ ਜਾਂਚ ਵਿਰੁੱਧ ਦਿੱਤੇ ਗਏ ਧਰਨੇ ਨਸ਼ਾ ਤਸਕਰਾਂ ਦਾ ਬਚਾਅ ਕਰਨ ਦੀ ਇਕ ਹੋਰ ਕੋਸ਼ਿਸ਼ ਹੈ।
ਫਤਹਿ ਬਾਜਵਾ ਨੇ ਕਿਹਾ ਕਿ ਜੇ ਮੁੱਖ ਮੰਤਰੀ ਡਰੱਗ ਰੈਕੇਟ ਦੀ ਸੀ.ਬੀ.ਆਈ ਜਾਂਚ ਦਾ ਆਦੇਸ਼ ਦੇਣ ’ਚ ਅਸਫਲ ਰਹੇ ਪ੍ਰਦੇਸ਼ ਕਾਂਗਰਸ ਅੰਦੋਲਨ ਨੂੰ ਤੇਜ਼ ਕਰੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰਿਕ ਮੈਂਬਰ ਨਸ਼ੇ ਦੇ ਵਪਾਰ ’ਚ ਸ਼ਾਮਿਲ ਹਨ, ਇਸੇ ਕਾਰਨ ਉਹ ਸੀ.ਬੀ.ਆਈ ਜਾਂਚ ਦਾ ਆਦੇਸ਼ ਦੇਣ ਤੋਂ ਡਰ ਰਹੇ ਹਨ।
ਲਾਲੀ ਮਜੀਠੀਆ ਤੇ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਮਜੀਠੀਆ ਦਾ ਨਾਂ ਨਸ਼ਾ ਤਸਕਰ ਜਗਦੀਸ਼ ਭੋਲਾ ਵੱਲੋਂ ਲਿਆ ਗਿਆ ਹੈ, ਪਰ ਉਸਦੀ ਰੈਕੇਟ ਦੀ ਸ਼ਮੂਲਿਅਤ ਦਾ ਖੁਲਾਸਾ ਕਾਫੀ ਪਹਿਲਾਂ ਹੋ ਗਿਆ ਸੀ, ਜਦੋਂ ਮਜੀਠੀਆ ਦੇ ਦੋ ਨਜ਼ਦੀਕੀ ਮਨਿੰਦਰ ਸਿੰਘ ਔਲਖ ਬਿੱਟੂ ਤੇ ਜਗਜੀਤ ਸਿੰਘ ਚਾਹਲ ਗ੍ਰਿਫਤਾਰ ਕੀਤੇ ਗਏ ਸਨ। ਮਜੀਠੀਆ ਨੇ ਜਗਦੀਸ਼ ਭੋਲਾ ਨੂੰ ਨਸ਼ਿਆਂ ਦੇ ਸਪਲਾਈ ਦੇਣ ਲਈ ਇਨ੍ਹਾਂ ਦੋਸ਼ੀਆਂ ਨੂੰ ਸੁਰੱਖਿਆ ਤੇ ਲਾਲ ਬੱਤੀ ਵਾਲੀਆਂ ਕਾਰਾਂ ਮੁਹੱਈਆ ਕਰਵਾਈਆਂ ਸਨ। ਸ਼ਾਮ ਵੇਲੇ ਆਗੂਆਂ ਤੇ ਵਰਕਰਾਂ ਨੇ ਸੈਕਟਰ 17 ਪਲਾਜ਼ਾ, ਚੰਡੀਗੜ੍ਹ ਵਿਖੇ ਕੈਂਡਲ ਮਾਰਚ ਕੱਢਿਆ।
ਮਜੀਠੀਆ ਹਲਕੇ ਤੋਂ ਭੁੱਖ ਹੜ੍ਹਤਾਲ ’ਤੇ ਬੈਠਣ ਵਾਲਿਆਂ ’ਚ ਬਲਵਿੰਦਰ ਸਿੰਘ ਬੇਦੀ, ਪ੍ਰਧਾਨ ਬਲਾਕ ਮਜੀਠਾ-1, ਬਲਬੀਰ ਸਿੰਘ ਕੋਟਲੀ ਪ੍ਰਧਾਨ ਬਲਾਕ ਮਜੀਠਾ-2, ਬਾਊ ਰਮੇਸ਼ ਗੋਪਾਲਪੁਰਾ, ਜਤਿੰਦਰ ਸਿੰਘ ਮਜੀਠਾ, ਕੁਲਦੀਪ ਸਿੰਘ ਚਿਵੇਂਦਾ, ਜਗਦੀਸ਼ ਸਿੰਘ ਗੋਗਾ, ਰਾਜੂ ਜਲਾਲਪੁਰ, ਰਮਨ ਸ਼ਰਮਾ ਮਜੀਠਾ, ਸੁਰਜਨ ਸਿੰਘ ਨਾਗਖੁਰਦ, ਜਸਮਿੱਤਰ ਸਿੰਘ, ਸੁਖਵਿੰਦਰ ਸਿੰਘ ਢਿਲੋਂ, ਬਾਊ ਵਿਜੇ, ਨਿਸ਼ਾਨ ਸਿੰਘ ਭੰਗਾਲੀ, ਅਮਰਜੀਤ ਸਿੰਘ ਭੰਗਾਲੀ, ਗੁਰਨਾਮ ਸਿੰਘ ਕੁਰਾਲੀਆ, ਅਮਨਦੀਪ ਸਿੰਘ ਪੱਪੂ, ਪਰਮਿੰਦਰ ਸਿੰਘ ਪਾਲੀ ਤੇ ਅਜਨਾਲਾ ਹਲਕੇ ਤੋਂ ਹਰਪਾਲ ਸਿੰਘ ਖਾਨੂਵਾਲ ਪ੍ਰਧਾਨ ਬਲਾਕ ਕਾਂਗਰਸ ਅਜਨਾਲਾ-1, ਰਾਜਵੀਰ ਸਿੰਘ ਮਧੂਸਿੰਘ ਪ੍ਰਧਾਨ ਬਲਾਕ ਕਾਂਗਰਸ ਅਜਨਾਲਾ-2, ਹਰਬੀਰ ਸਿੰਘ ਬਬਲੂ ਸਿੰਧੀ ਮੀਤ ਪ੍ਰਧਾਨ ਜਿਲ੍ਹਾ ਕਾਂਗਰਸ ਅੰਮ੍ਰਿਤਸਰ, ਗੁਰਪਿੰਦਰ ਸਿੰਘ ਮੱਲ ਪ੍ਰਧਾਨ ਜਿਲ੍ਹਾ ਯੂਥ ਕਾਂਗਰਸ, ਹਰਵਿੰਦਰਪਾਲ ਸਿੰਘ ਅਬੁ ਸਾਹਿਬ ਬਲਾਕ ਸੰਮਤੀ ਮੈਂਬਰ, ਤੇਜਿੰਦਰ ਸਿੰਘ ਕੁਰਾਲੀਆ, ਸੁਲਖਨ ਸਿੰਘ ਚਮਿਆਰੀ, ਗੁਰਬਚਨ ਸਿੰਘ ਫੋਕਲ ਪੁਆਇੰਟ, ਗੁਰਬਚਨ ਸਿੰਘ, ਬਲਵੰਤ ਸਿੰਘ ਪੰਡੋਰੀ ਵੀ ਸ਼ਾਮਿਲ ਰਹੇ।