ਨਵੀਂ ਦਿੱਲੀ, 20 ਜਨਵਰੀ (ਪੀ.ਟੀ.)-ਦਿੱਲੀ ਪੁਲਿਸ ਦੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਰੇਲ ਭਵਨ ਕੋਲ ਇਕ ਪਾਰਕ ਵਿਚ ਧਰਨੇ ’ਤੇ ਬੈਠੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਅਤੇ ਪੁਲਿਸ ’ਤੇ ਹਮਲਾ ਕਰਦਿਆਂ ਕਿਹਾ ਕਿ ਸੈਕਸ ਰੈਕਟ ਪੁਲਿਸ ਦੀ ਮਰਜ਼ੀ ਤੋਂ ਬਿਨਾਂ ਨਹੀਂ ਚੱਲਦਾ, ਸਗੋਂ ਪੁਲਿਸ ਇਸ ਵਿਚ ਖੁਦ ਸ਼ਾਮਿਲ ਹੁੰਦੀ ਹੈ ਅਤੇ ਪੈਸੇ ਵਸੂਲ ਕਰਦੀ ਹੈ। ਉਨ੍ਹਾਂ ਆਖਿਆ ਕਿ ਜਦੋਂ ਵੀ ਕੋਈ ਬਲਾਤਕਾਰ ਹੁੰਦਾ ਹੈ ਤਾਂ ਪੁਲਿਸ ਕਹਿੰਦੀ ਹੈ ਕਿ ਜਾਂਚ ਜਾਰੀ ਹੈ, ਪਰ ਬਲਾਤਕਾਰ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਿਚ ਕਾਫੀ ਸਮਾਂ ਲੱਗ ਜਾਂਦਾ ਹੈ। ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਕੇਜਰੀਵਾਲ ਦੀ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਸ਼ਿੰਦੇ ਨੇ ਕਿਹਾ ਕਿ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਜਾਂਚ ਤੋਂ ਬਾਅਦ ਮੁਅੱਤਲ ਕੀਤਾ ਜਾਵੇਗਾ। ਗ੍ਰਹਿ ਮੰਤਰੀ ਨੇ ਇਨ੍ਹਾਂ ਮੁਲਾਜ਼ਮਾਂ ਦੇ ਤਬਾਦਲੇ ਦੀ ਮੰਗ ਵੀ ਠੁਕਰਾ ਦਿੱਤੀ।