ਯਮੁਨਾਨਗਰ, 20 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਆਏ ਦਿਨ ਨਾਬਾਲਗ ਬੱਚੀਆਂ ਨਾਲ ਜਬਰ ਜਨਾਹ, ਤੇਜ਼ਾਬ ਸੁੱਟਣ ਜਿਹੀਆਂ ਘਟਨਾਵਾਂ ਆਮ ਹੀ ਹੋ ਗਈਆਂ ਹਨ ਅਤੇ ਇਹ ਘਟਨਾਵਾਂ ਰੁਕਣ ਦਾ ਨਾ ਨਹੀਂ ਲੈ ਰਹੀਆਂ, ਜਿਸ ਕਾਰਣ ਇਨਸਾਨੀਅਤ ਸ਼ਰਮਸਾਰ ਹੋ ਰਹੀ ਹੈ। ਅਜਿਹੀ ਹੀ ਸ਼ਰਮਸਾਰ ਕਰਨ ਵਾਲੀ ਘਟਨਾ ਹਰਿਆਣਾ ਦੇ ਯਮੁਨਾਨਗਰ ਵਿੱਚ ਸਾਹਮਣੇ ਆਈ ਹੈ, ਜਿੱਥੇ ਇੱਕ ਦਰਿੰਦੇ ਨੇ ਮਨੁੱਖਤਾ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਤਿੰਨ ਸਾਲ ਦੀ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।
ਘਟਨਾ ਯਮੁਨਾਨਗਰ ਸਥਿਤ ਰਾਏਪੁਰ ਕਾਲੋਨੀ ’ਚ ਬਣੇ ਕੁਆਟਰਾਂ ਵਿੱਚ ਵਾਪਰੀ, ਜਿੱਥੇ ਇੱਕ ਬੰਗਾਲੀ ਪਰਿਵਾਰ ਰੋਜ਼ੀ ਰੋਟੀ ਲਈ ਆਪਣੇ ਬੱਚਿਆਂ ਨਾਲ ਰਹਿੰਦਾ ਹੈ, ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਪੀੜਤ ਬੱਚੀ ਦਾ ਪਿਤਾ ਕੰਮ ’ਤੇ ਗਿਆ ਹੋਇਆ ਸੀ ਅਤੇ ਬੱਚੀ ਦੀ ਮਾਂ ਨੇੜੇ ਤੋਂ ਹੀ ਪਾਣੀ ਲੈਣ ਚਲੀ ਗਈ। ਦੋਸ਼ੀ ਨੇ ਜਿਸ ਸਮੇਂ ਇਸ ਘਟਨਾ ਨੂੰ ਅੰਜਾਮ ਦਿੱਤਾ, ਬੱਚੀ ਉਸ ਸਮੇਂ ਕਮਰੇ ਵਿੱਚ ਸੁੱਤੀ ਹੋਈ ਸੀ। ਬਿਹਾਰ ਰਾਜ ਦੇ ਮੋਤੀਹਾਰ ਜ਼ਿਲ੍ਹਾ ਵਾਸੀ ਸ਼ਤਰੂਘਨ ਸਾਹਨੀ ਨਾਂਅ ਦੇ ਦਰਿੰਦੇ ਨੇ ਬੱਚੀ ਨੂੰ ਇਕੱਲਾ ਦੇਖ ਕੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਬੱਚੀ ਦੀ ਮਾਂ ਜਦੋਂ ਘਰ ਵਾਪਿਸ ਪਰਤੀ ਤਾਂ ਉਹ ਸਭ ਦੇਖ ਕੇ ਹੈਰਾਨ ਹੋ ਗਈ। ਇਸ ਤੋਂ ਬਾਅਦ ਬੱਚੀ ਦੇ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ ਤਾਂ ਜਾਂਚ ਦੌਰਾਨ ਪਤਾ ਲੱਗਾ ਕਿ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ ਹੈ।
ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਅਧਿਕਾਰੀ ਧਰਮਪਾਲ ਨੇ ਦੱਸਿਆ ਕਿ ਹਸਪਤਾਲ ਤੋਂ ਫੋਨ ਆਇਆ ਕਿ ਇੱਕ ਬੱਚੀ ਨਾਲ ਘਿਣੌਨਾ ਜ਼ੁਰਮ ਹੋਇਆ ਹੈ ਤਾਂ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਬੱਚੀ ਦਾ ਮੈਡੀਕਲ ਕਰਾਇਆ ਗਿਆ, ਜਿਸ ਵਿੱਚ ਜਬਰ ਜਨਾਹ ਦੀ ਪੁਸ਼ਟੀ ਹੋਈ ਹੈ। ਬੱਚੀ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਯਮੁਨਾਨਗਰ ਦੇ ਟਰਾਮਾ ਸੈਂਟਰ ਵਿੱਚ ਭਰਤੀ ਕਰਾਇਆ ਗਿਆ। ਪੁਲਿਸ ਨੇ ਧਾਰਾ 376 ਅਧੀਨ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।