ਚੰਡੀਗੜ੍ਹ, 19 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਨੇ ਰਾਜ ਦੇ ਜੰਗਲਾਂ ਹੇਠਲੇ ਰਕਬੇ ਨੂੰ 15 ਫੀਸਦੀ ਕਰਨ ਅਤੇ ਮਾਲਵਾ ਖੇਤਰ ਨੂੰ ਹਰਿਆ ਭਰਿਆ ਬਣਾਉਣ ਦੇ ਮਕਸਦ ਨਾਲ ਮਾਲਵਾ ਪੱਟੀ ਦੀਆਂ ਸੜਕਾਂ ਕਿਨਾਰੇ 3 ਲੱਖ ਬੂਟੇ ਲਗਾਏ ਹਨ। ਇਸ ਮੁਹਿੰਮ ਦੀ ਸ਼ੁਰੂਆਤ ਸੜਕਾਂ ਦੇ ਆਲੇ ਦੁਆਲੇ ਪੈਦਾ ਹੋਈਆਂ ਜੰਗਲੀ ਝਾੜੀਆਂ ਨੂੰ ਸਾਫ ਕਰਨ ਤੋਂ ਬਾਅਦ ਕੀਤੀ ਗਈ। ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ੍ਰੀ ਚੂਨੀ ਲਾਲ ਭਗਤ ਨੇ ਇਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ 9 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਤਹਿਤ ਮਾਲਵਾ ਪੱਟੀ ਦੀਆਂ ਸੜਕਾਂ ਦੇ ਆਲੇ ਦੁਆਲੇ 300 ਹੈਕਟੇਅਰ ਖੇਤਰ ਵਿੱਚ ਪੌਦੇ ਲਗਾਏ ਗਏ ਹਨ ਜਿਨ੍ਹਾਂ ਵਿੱਚ ਬਠਿੰਡਾ-ਮਲੋਟ, ਮਲੋਟ-ਫਾਜ਼ਿਲਕਾ, ਡੀ.ਐਮ.ਸੀ. ਰੋਡ, ਮਲੋਟ
-ਮੁਕਤਸਰ, ¦ਬੀ-ਗਿੱਦੜਬਾਹਾ ਅਤੇ ਮਲੋਟ-ਸਤੀਆ ਗੰਨੋ ਮਾਰਗ ਸ਼ਾਮਲ ਹਨ।ਉਨ੍ਹਾਂ ਅੱਗੇ ਦੱਸਿਆ ਕਿ ਪਹਿਲਾਂ ਇਨ੍ਹਾਂ ਸੜਕਾਂ ’ਤੇ ਝਾੜੀਆਂ ਦੀ ਬਹੁਤਾਤ ਹੋਣ ਕਾਰਨ ਰਾਹਗੀਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਇਥੋਂ ਝਾੜੀਆਂ ਸਾਫ ਕਰ ਦੇਣ ਕਾਰਨ ਇਥੋਂ ਦਾ ਸਫਰ ਸੁਹਾਣਾ ਹੋ ਗਿਆ ਹੈ। ਸ੍ਰੀ ਭਗਤ ਨੇ ਦੱਸਿਆ ਕਿ ਇਸ ਪੰਜ ਸਾਲਾ ਪ੍ਰਾਜੈਕਟ ਦੀ ਸ਼ੁਰੂਆਤ ਵਿੱਚ ਸੜਕਾਂ ਕਿਨਾਰੇ ਬੂਟੇ ਲਗਾਏ ਗਏ ਹਨ ਅਤੇ ਅਗਲੇ ਤਿੰਨ ਸਾਲਾਂ ਦੌਰਾਨ ਇਨ੍ਹਾਂ ਪੌਦਿਆਂ ਦੀ ਦੇਖਭਾਲ ਕੀਤੀ ਜਾਵੇਗੀ ਤਾਂ ਕਿ ਇਨ੍ਹਾਂ ਦਾ ਸਹੀ ਵਿਕਾਸ ਹੋ ਸਕੇ। ਇਨ੍ਹਾਂ ਸੜਕਾਂ ਕਿਨਾਰੇ ਅਰਜੁਨ, ਸਫੇਦਾ, ਜਾਮਣ, ਬਰਮਾ ਡੇਕ ਅਤੇ ਨਿੰਮ ਆਦਿ ਦੇ ਬੂਟੇ ਲਗਾਏ ਗਏ ਹਨ ਜਿਨ੍ਹਾਂ ਨੂੰ ਪਸ਼ੂਆਂ ਆਦਿ ਤੋਂ ਬਚਾਉਦ ਲਈ ਇਨ੍ਹਾਂ ਦੇ ਆਲੇ ਦੁਆਲੇ ਤਾਰਾਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਪਿੰਡ ਰੱਤੀਆਂ ਵਿਖੇ ਅਤਿ ਆਧੁਨਿਕ ਨਰਸਰੀ ਤਿਆਰ ਕੀਤੀ ਗਈ ਹੈ।