May 14, 2026 7:05 am

ਅੰਤਰਰਾਸ਼ਟਰੀ ਕਰਾਟੇ ਖਿਡਾਰਨ ਕੁਲਦੀਪ ਕੌਰ ਨੇ ਕੀਤੀ ਖ਼ੁਦਕੁਸ਼ੀ

ਬਟਾਲਾ, 3 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਅੰਤਰਰਾਸ਼ਟਰੀ ਕਰਾਟੇ ਖਿਡਾਰਨ ਕੁਲਦੀਪ ਕੌਰ ਨੇ ਆਪਣੇ ਗ੍ਰਹਿ ਪਿੰਡ ਗੁਜਰਪੁਰਾ ਵਿਖੇ ਹੀ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਤੇ ਭੈਣ ਨੇ ਦਸਿਆ ਕਿ ਕੁਝ ਦਿਨਾਂ ਬਾਅਦ ਵਡੀ ਭੈਣ ਦਾ ਵਿਆਹ ਸੀ ਅਤੇ ਸਾਰੇ ਘਰ ਤੋਂ ਬਾਹਰ ਸਨ, ਜਦੋਂ ਘਰ ਵਾਪਸ ਆਏ ਤਾਂ ਕੁਲਦੀਪ ਕੌਰ ਮ੍ਰਿਤਕ ਹਾਲਤ ’ਚ ਮਿਲੀ। ਉਨ੍ਹਾਂ ਦਸਿਆ ਕਿ ਤਕਰੀਬਨ 2 ਮਹੀਨੇ ਪਹਿਲਾਂ ਪਿੰਡ ਦੇ ਹੀ ਕੁਝ ਵਿਅਕਤੀਆਂ ਵਲੋਂ ਜ਼ਮੀਨ ਤੋਂ ਹੋਏ ਝਗੜੇ ‘ਚ ਕੁਲਦੀਪ ਕੌਰ ਦਾ ਸਿਰ ਪਾੜ ਦਿਤਾ ਗਿਆ ਸੀ, ਜਿਸ ‘ਤੇ ਉਸ ਦੇ 32 ਟਾਂਕੇ ਲਗੇ ਸਨ ਅਤੇ ਉਹ ਇਕ ਮਹੀਨਾ ਹਸਪਤਾਲ ਵਿਚ ਹੀ ਰਹੀ ਸੀ। ਠੀਕ ਹੋਣ ਉਪਰੰਤ ਉਹ ਘਰ ਆਈ ਅਤੇ ਉਦਾਸ ਰਹਿਣ ਲਗੀ ਅਤੇ ਇਨ੍ਹਾਂ ਵਿਅਕਤੀਆਂ ਵਲੋਂ ਕੁਝ ਨਾ ਕਰ ਸਕਣ ਦੇ ਮਿਹਣੇ ਬਾਅਦ ਕੁਲਦੀਪ ਨੇ ਇਹ ਕਦਮ ਚੁਕਿਆ।
ਪਰਿਵਾਰ ਨੇ ਇਨਸਾਫ਼ ਨਾ ਮਿਲਣ ਤਕ ਸਸਕਾਰ ਨਾ ਕਰਨ ਦੀ ਗਲ ਕਹੀ ਹੈ।ਉਥੇ 8 ਜਨਵਰੀ ਨੂੰ ਮ੍ਰਿਤਕ ਲੜਕੀ ਦੀ ਵਡੀ ਭੈਣ ਦਾ ਵਿਆਹ ਹੈ ਤੇ ਵਡੀ ਭੈਣ ਨੇ ਆਪਣੀ ਮ੍ਰਿਤਕ ਭੈਣ ਨਾਲ ਵਾਅਦਾ ਕਰਦੇ ਹੋਏ ਕਿਹਾ ਕਿ ਜਦ ਤੱਕ ਪੁਲਿਸ ਇਨਸਾਫ ਨਹੀਂ ਕਰਦੀ, ਮ੍ਰਿਤਕ ਦਾ ਨਾ ਪੋਸਟਮਾਰਟਮ ਹੋਵੇਗਾ ਤੇ ਨਾ ਹੀ ਸਸਕਾਰ।ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾਂ ਨੂੰ ਵੇਖਦੇ ਹੋਏ 14 ਲੋਕਾਂ ਦੇ ਵਿਰੁਧ ਕੇਸ ਦਰਜ਼ ਕਰਕੇ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Send this to a friend