ਬਠਿੰਡਾ, 28 ਦਸੰਬਰ (ਇੰਦਰਜੀਤ ਨਥਾਣਾ)- ਗੰਟੂਰ (ਆਂਧਰਾ ਪ੍ਰਦੇਸ਼) ਵਿਖੇ 12-16 ਦਸੰਬਰ, 2017 ਤੱਕ ਚੱਲੀ ‘ਆਲ ਇੰਡੀਆ ਐਥਲੈਟਿਕਸ ਚੈਂਪੀਅਨਸ਼ਿਪ’ ਦੌਰਾਨ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀ ਕਰਨਵੀਰ ਸਿੰਘ (ਬੀ.ਏ. ਦੂਜਾ ਸਾਲ) ਨੇ ਸ਼ਾਟਪੁੱਟ ਦੇ ਮੁਕਾਬਲੇ ਵਿੱਚ ਤੀਜੀ ਪੁਜੀਸ਼ਨ ਹਾਸਲ ਕਰਕੇ ਕਾਂਸੀ ਦਾ ਤਮਗਾ ਜਿੱਤਿਆ ਹੈ। ਬਾਬਾ ਫ਼ਰੀਦ ਕਾਲਜ ਦੇ ਇਸ ਹੋਣਹਾਰ ਖਿਡਾਰੀ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਅਤੇ ਆਪਣੀ ਖੇਡ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਯੂਨੀਵਰਸਿਟੀ ਕੈਂਪਸ ਵਿਖੇ ਕਰਵਾਈ ਗਈ ‘ਸਾਲਾਨਾ ਅੰਤਰ ਕਾਲਜ ਐਥਲੈਟਿਕ ਚੈਂਪੀਅਨਸ਼ਿਪ’ ਵਿੱਚ ਕਰਨਵੀਰ ਸਿੰਘ ਨੇ ਸ਼ਾਟਪੁੱਟ ਦੇ ਮੁਕਾਬਲੇ ’ਚ 17.61 ਮੀਟਰ ਗੋਲਾ ਸੁੱਟ ਕੇ ਯੂਨੀਵਰਸਿਟੀ ਵਿੱਚੋਂ ਗੋਲਡ ਮੈਡਲ ਜਿੱਤਿਆ ਸੀ। ਕਰਨਵੀਰ ਸਿੰਘ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਸਮੁੱਚੀ ਮੈਨੇਜਮੈਂਟ ਅਤੇ ਆਪਣੇ ਕੋਚ ਗੁਰਸਿਮਰਨ ਸਿੰਘ ਗੈਰੀ ਦਾ ਧੰਨਵਾਦ ਕੀਤਾ ਹੈ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਇਸ ਹੋਣਹਾਰ ਵਿਦਿਆਰਥੀ ਕਰਨਵੀਰ ਸਿੰਘ ਅਤੇ ਉਸਦੇ ਮਾਪਿਆਂ ਨੂੰ ਇਸ ਮਾਣ ਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਨੇ ਜੇਤੂ ਵਿਦਿਆਰਥੀ ਨੂੰ ਭਵਿੱਖ ਵਿੱਚ ਹੋਣ ਵਾਲੀਆਂ ਇਹੋ ਜਿਹੀਆਂ ਚੈਂਪੀਅਨਸ਼ਿਪਾਂ ਵਿੱਚ ਹਿੱਸਾ ਲੈਂਦੇ ਰਹਿਣ ਲਈ ਪ੍ਰੇਰਿਤ ਕਰਦਿਆਂ ਉਸਦੇ ਸਫ਼ਲ ਭਵਿੱਖ ਲਈ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ।