ਸ੍ਰੀ ਮੁਕਤਸਰ ਸਾਹਿਬ, 28 ਦਸੰਬਰ (ਵਿੱਕੀ ਝਾਂਬ)- ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਸੁਮੀਤ ਜਾਰੰਗਲ ਆਈ.ਏ.ਐਸ. ਨੇ ਕਿਹਾ ਹੈ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਅਸਲਾ ਲਾਈਸੈਂਸਧਾਰੀਆਂ ਦੀ ਸੂਚਨਾ ਗ੍ਰਹਿ ਵਿਭਾਗ ਦੇ ਸਾਫਟਵੇਅਰ ਨਡਾਲ ਤੇ ਅਪਲੋਡ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਗ੍ਰਹਿ ਵਿਭਾਗ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚਲਾਇਆ ਜਾ ਰਿਹਾ ਹੈ। ਜ਼ਿਲ੍ਹੇ ਵਿਚ ਇਹ ਡਾਟਾ ਅਪਲੋਡ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਸੁਮੀਤ ਜਾਰੰਗਲ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅਸਲਾ ਲਾਈਸੈਂਸ ਧਾਰਕਾਂ ਦੀ ਜਾਣਕਾਰੀ ਹਿੱਤ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਹ ਵੈਬਸਾਈਟ ਇਕ ਵਾਰ ਫਿਰ ਕੁਝ ਸਮੇਂ ਲਈ ਦੁਬਾਰਾ ਖੋਲੀ ਗਈ ਹੈ।
ਇਸ ਲਈ ਜ਼ਿਲ੍ਹੇ ਦੇ ਸਮੂਹ ਅਸਲਾ ਲਾਈਸੈਂਸ ਧਾਰਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜ਼ਿਨ੍ਹਾਂ ਅਸਲਾ ਲਾਇਸੈਂਸੀਆਂ ਨੇ ਅਜੇ ਤੱਕ ਆਪਣਾ ਅਸਲਾ ਲਾਈਸੈਂਸ ਨਡਾਲ ਸਾਫਟਵੇਅਰ ਵਿਚ ਅਪਲੋਡ ਨਹੀਂ ਕਰਵਾਇਆ ਤੇ ਆਈ.ਆਈ. ਨੰਬਰ ਨਹੀਂ ਲਗਵਾਏ ਉਹ ਆਪਣਾ ਅਸਲਾ ਲਾਈਸੈਂਸ ਦਾ ਮੁੰਕਮਲ ਡਾਟਾ 31 ਜਨਵਰੀ 2018 ਤੱਕ ਹਰ ਹਾਲਤ ਵਿਚ ਸੇਵਾ ਕੇਂਦਰ ਸ੍ਰੀ ਮੁਕਤਸਰ ਸਾਹਿਬ ਜੋ ਕਿ ਡੀਸੀ ਦਫ਼ਤਰ ਵਿਖੇ ਬਣਿਆ ਹੈ ਵਿਖੇ ਆ ਕੇ ਅਪਲੋਡ ਕਰਵਾਉਣ। ਜੇਕਰ ਨਿਰਧਾਰਤ ਸਮੇਂ ਦੇ ਅੰਦਰ ਅੰਦਰ ਕਿਸੇ ਵੀ ਅਸਲਾ ਲਾਈਸੈਂਸ ਧਾਰੀ ਵੱਲੋਂ ਆਪਣਾ ਡਾਟਾ/ਰਿਕਾਰਡ ਪ੍ਰੋਫਾਰਮਾ ਭਰਕੇ ਅਪਲੋਡ ਨਹੀਂ ਕਰਵਾਇਆ ਜਾਂਦਾ ਤਾਂ ਇਸ ਦੀ ਸਾਰੀ ਜਿੰਮੇਵਾਰੀ ਅਸਲਾ ਲਾਈਸੈਂਸ ਧਾਰਕ ਦੀ ਹੋਵੇਗੀ ਅਤੇ ਉਸਦਾ ਅਸਲਾ ਲਾਈਸੈਂ ਗੈਰ ਕਾਨੂਨੀ ਸਮਝਿਆ ਜਾਵੇਗਾ।