May 20, 2026 1:59 am

ਖ਼ਾਲਸਾ ਕਾਲਜ ਪਟਿਆਲਾ ਵਿਖੇ ‘ਸਫ਼ਰ-ਏ-ਸ਼ਹਾਦਤ’ ਵਿਸ਼ੇਸ਼ ਸਮਾਗਮ ਦਾ ਪ੍ਰਬੰਧ

ਪਟਿਆਲਾ, 21 ਦਸੰਬਰ- ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖ਼ਾਲਸਾ ਕਾਲਜ, ਪਟਿਆਲਾ ਵਿਖੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ‘ਸਫ਼ਰ-ਏ-ਸ਼ਹਾਦਤ’ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਭਾਈ ਗੋਬਿੰਦ ਸਿੰਘ ਜੀ ਲੌਗੋਂਵਾਲ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਵਿਸ਼ੇਸ਼ ਮਹਿਮਾਨ ਸ. ਸੁਰਜੀਤ ਸਿੰਘ ਰੱਖੜਾ, ਸਾਬਕਾ ਮੰਤਰੀ, ਪੰਜਾਬ ਸਰਕਾਰ, ਸ. ਇੰਦਰਮੋਹਨ ਸਿੰਘ ਜੀ ਬਜਾਜ, ਆਨਰੇਰੀ ਸਕੱਤਰ, ਖ਼ਾਲਸਾ ਕਾਲਜ, ਪਟਿਆਲਾ ਅਤੇ ਡਾ. ਸਰਬਜਿੰਦਰ ਸਿੰਘ, ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਸਮਾਗਮ ਵਿੱਚ ਬੋਲਦਿਆਂ ਭਾਈ ਗੋਬਿੰਦ ਸਿੰਘ ਜੀ ਲੌਗੋਂਵਾਲ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਕਿਹਾ ਕਿ ਸਿੱਖ ਪੰਥ ਨੂੰ ਹਮੇਸ਼ਾ ਆਪਣੇ ਗੌਰਵਮਈ ਇਤਿਹਾਸ ਤੇ ਮਾਣ ਹੋਣਾ ਚਾਹੀਦਾ ਹੈ। ਸਪੂੰਰਨ ਸਿੱਖ ਇਤਿਹਾਸ ਸ਼ਹਾਦਤ ਦਾ ਸਫ਼ਰ ਹੈ ਜਿਸ ਵਿੱਚ ਗੁਰੂ ਸਾਹਿਬਾਨ ਤੋਂ ਲੈ ਕੇ ਸਾਰੇ ਸਿੰਘਾਂ ਅਤੇ ਸਿੰਘਣੀਆਂ ਦੇ ਯੋਗਦਾਨ ਨੂੰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਪ੍ਰਧਾਨ ਸਾਹਿਬ ਨੇ ਕਿਹਾ ਕਿ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਆਪਣੇ ਆਪ ਵਿੱਚ ਲਾਸਾਨੀ ਹੈ। ਵਿਸ਼ਵ ਵਿੱਚ ਕਿਧਰੇ ਵੀ ਆਪਣੇ ਧਰਮ ਦੀ ਖਾਤਰ ਇੰਨ੍ਹੀ ਛੋਟੀ ਉਮਰ ਦੇ ਬੱਚਿਆਂ ਨੇ ਸ਼ਹਾਦਤ ਨਹੀਂ ਦਿੱਤੀ। ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ‘ਜੀ ਆਇਆਂ ਨੂੰ’ ਕਹਿੰਦੇ ਹੋਏ ਦੱਸਿਆ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਦਾ ਹਿੱਸਾ ਹੋਣ ਦੇ ਨਾਤੇ ਸਾਡੇ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਮਾਣਮੱਤੇ ਇਤਿਹਾਸ ਤੋਂ ਜਾਣੂ ਹੋਈਏ। ਉਨ੍ਹਾਂ ਨੇ ਕਿਹਾ ਅਜਿਹੇ ਵਿਸ਼ੇਸ਼ ਸਮਾਗਮ ਕਰਵਾਉਣ ਪਿੱਛੇ ਸਾਡੀ ਇਕੋ ਹੀ ਮਨਸਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਜੋ ਲਹਿਰ ਚਲਾਈ ਜਾ ਰਹੀ ਹੈ ਉਸ ਨੂੰ ਨਿਰੰਤਰ ਜਾਰੀ ਰੱਖਿਆ ਜਾ ਸਕੇ। ਇਸ ਮੌਕੇ ਯੂ-ਟਿਊਬ ਤੇ ਸਥਾਪਤ ਨਵਾਂ ਚੈਨਲ ਖ਼ਾਲਸਾ ਕਾਲਜ ਪਟਿਆਲਾ ਵੈਬ ਟੀ.ਵੀ. ਦਾ ਲੋਕ ਅਰਪਣ ਕੀਤਾ ਗਿਆ ਜਿਸ ਵਿੱਚ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਿੰਗਲ ਟਰੈਕ ‘ਅਸੀਂ ਹਾਂ ਇਥੇ ਆਏ ਸੂਬਿਆ, ਲੈ ਮਮਤਾ ਖੁਸ਼ਬੋਈ’ ਦੀ ਪੇਸ਼ਕਾਰੀ ਪੋਸਟ ਗ੍ਰੈਜੂਏਟ ਸੰਗੀਤ ਗਾਇਨ ਵਿਭਾਗ ਵੱਲੋਂ ਗਾ ਕੇ ਕੀਤੀ ਗਈ। ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਸ. ਸੁਰਜੀਤ ਸਿੰਘ ਜੀ ਰੱਖੜਾ ਨੇ ਸਮਾਗਮ ਵਿੱਚ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਭਾਵ ਪੂਰਵਕ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਅਜਿਹੇ ਸਮਾਗਮ ਕਰਵਾਉਣੇ ਬਹੁਤ ਜ਼ਰੂਰੀ ਹਨ ਤਾਂ ਜੋ ਆਉਣ ਵਾਲੀ ਪੀੜ੍ਹੀਆਂ ਨੂੰ ਦੱਸਿਆ ਜਾ ਸਕੇ ਕਿ ਸਿੱਖ ਧਰਮ ਦੀ ਸਾਜਨਾ ਵਿੱਚ ਕਿੰਨ੍ਹੀਆਂ ਸ਼ਹਾਦਤਾਂ ਹੋਈਆਂ ਹਨ। ਸਮਾਗਮ ਵਿੱਚ ਬੋਲਦਿਆਂ ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਸ਼ਹਾਦਤ ਦਾ ਸੰਕਲਪ ਸਿੱਖੀ ਦੇ ਕਣ-ਕਣ ਵਿੱਚ ਸਮੋਇਆ ਹੋਇਆ ਹੈ। ਪੂਰਾ ਸਿੱਖ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਪਿਆ ਹੈ ਜਿਸ ਵਿੱਚ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਇਹ ਸ਼ਹਾਦਤਾਂ ਸਿਰਫ ਆਪਣੇ ਧਰਮ ਨੂੰ ਬਚਾਉਣ ਲਈ ਨਹੀਂ ਸਗੋਂ ਦੂਜੇ ਧਰਮਾਂ ਦੀ ਰਾਖੀ ਕਰਨ ਲਈ ਵੀ ਦਿੱਤੀਆਂ ਗਈਆਂ ਹਨ। ਆਏ ਹੋਏ ਮਹਿਮਾਨਾਂ ਨੂੰ ਧੰਨਵਾਦੀ ਸ਼ਬਦ ਬੋਲਦਿਆਂ ਸ. ਇੰਦਰਮੋਹਨ ਸਿੰਘ ਜੀ ਬਜਾਜ ਨੇ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਅਧੀਨ ਚੱਲ ਰਹੀ ਇਹ ਸੰਸਥਾ ਹਮੇਸ਼ਾ ਹੀ ਅਕਾਦਮਿਕ ਖੇਤਰ ਦੇ ਨਾਲ-ਨਾਲ ਧਾਰਮਿਕ ਤੌਰ ਤੇ ਵੀ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜ ਰਹੀ ਹੈ। ਇਸ ਮੌਕੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਹਾਜ਼ਰ ਸਨ।

Send this to a friend