May 21, 2026 9:51 pm

ਖ਼ਾਲਸਾ ਕਾਲਜ ਪਟਿਆਲਾ ਵਿਖੇ ਸੱਤ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸ਼ੁਰੂ

ਪਟਿਆਲਾ, 18 ਦਸੰਬਰ -ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖ਼ਾਲਸਾ ਕਾਲਜ, ਪਟਿਆਲਾ ਦੇ ਡਾ. ਗੰਡਾ ਸਿੰਘ ਕਰੀਅਰ ਗਾਈਡੈਂਸ, ਕਾਊਂਸਲਿੰਗ ਐਂਡ ਪਲੇਸਮੈਂਟ ਸੈਂਟਰ ਵੱਲੋਂ ‘ਟੀਚਿੰਗ ਪੈਡਾਗੋਗੀ, ਟੀਚਿੰਗ ਐਥਿਕਸ ਐਂਡ ਵੈਲਯੂ ਐਜੂਕੇਸ਼ਨ’ ਵਿਸ਼ੇ ਉਪਰ ਸੱਤ ਰੋਜ਼ਾ ਵਰਕਸ਼ਾਪ ਕਰਵਾਈ ਜਾ ਰਹੀ ਹੈ। ਜਿਸ ਵਿੱਚ ਵੱਖ ਵੱਖ ਕਾਲਜਾਂ ਤੋਂ 4′ ਅਧਿਆਪਕ ਸ਼ਿਰਕਤ ਕਰ ਰਹੇ ਹਨ। ਇਸ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਪਹਿਲੇ ਅਤੇ ਉਦਘਾਟਨੀ ਸੈਸ਼ਨ ਵਿੱਚ ਪ੍ਰੋ. ਅੱਛਰੂ ਸਿੰਘ (ਸ਼੍ਰੋਮਣੀ ਸਾਹਿਤਕਾਰ), ਦੂਜੇ ਸੈਸ਼ਨ ਵਿੱਚ ਡਾ. ਸਰਬਜਿੰਦਰ ਸਿੰਘ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਡਾ. ਧਰਮਿੰਦਰ ਸਿੰਘ ਉਭਾ ਨੇ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਪਹਿਲੇ ਉਦਘਾਟਨੀ ਸੈਸ਼ਨ ਵਿੱਚ ਪ੍ਰੋ. ਅੱਛਰੂ ਸਿੰਘ ਨੇ ਕਿਹਾ ਕਿ ਇੱਕ ਅਧਿਆਪਕ ਤਿੰਨ ਚੀਜ਼ਾ ਦਾ ਸੁਮੇਲ ਹੁੰਦਾ ਹੈ, ਜਿਸ ਵਿੱਚ ਸੰਚਾਰ ਪ੍ਰਣਾਲੀ, ਦ੍ਰਿੜਤਾ ਅਤੇ ਯੋਗਤਾ ਸ਼ਾਮਿਲ ਹੈ। ਉਨ੍ਹਾਂ ਕਿਹਾ ਜਦੋਂ ਤੱਕ ਅਧਿਆਪਕ ਸਿੱਖਿਆਰਥੀ ਹੈ ਉਦੋ ਤੱਕ ਹੀ ਅਧਿਆਪਕ ਹੈ ਅਤੇ ਅਧਿਆਪਕ ਆਪਣੀ ਸ਼ਰਧਾ ਅਤੇ ਸ਼ਿੱਦਤ ਸਦਕਾ ਵਿਦਿਆਰਥੀਆਂ ਦੇ ਮਾਂ-ਪਿਉ ਦਾ ਬਦਲਵਾ ਪੱਖ ਵੀ ਨਿਭਾਉਂਦਾ ਹੈ। ਫੈਕਲਟੀ ਲਈ ਅਜਿਹੀਆਂ ਵਰਕਸ਼ਾਪ ਬਹੁਤ ਜ਼ਰੂਰੀ ਹਨ ਤਾਂ ਜੋ ਸਮੇਂ ਦੇ ਅਨੁਸਾਰ ਨਵੀਆਂ ਵਿਧੀਆਂ ਸਿੱਖ ਕੇ ਅਧਿਆਪਕ ਸਾਹਿਬਾਨ ਸਮੇਂ ਦੇ ਹਾਣੀ ਬਣ ਸਕਣ। ਦੂਜੇ ਉਦਘਾਟਨੀ ਸੈਸ਼ਨ ਵਿੱਚ ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਹਰ ਸਮੇਂ ਦਾ ਆਪਣਾ ਇਕ ਵੈਲਯੂ ਸਿਸਟਮ ਹੁੰਦਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਕਿ ਮਨੁੱਖ ਉਹੀ ਜੋ ਵਕਤ ਵਿਚਾਰੇ, ਇਸ ਲਈ ਸਾਨੂੰ ਆਧੁਨਿਕ ਸਮੇਂ ਵਿੱਚ ਆਪਣੇ ਆਪ ਵਿੱਚ ਬਦਲਾਅ ਕਰਨੇ ਪੈਣਗੇ। ਉਨ੍ਹਾਂ ਕਿਹਾ ਯੂ.ਜੀ.ਸੀ. ਦੇ ਨਿਯਮਾਂ ਅਨੁਸਾਰ ਅਧਿਆਪਕ ਨੂੰ ਸਮੇਂ ਸਮੇਂ ਤੇ ਅਜਿਹੀਆਂ ਗਤੀਵਿਧੀਆਂ ਦਾ ਹਿੱਸਾ ਬਣ ਕੇ ਆਪਣੀ ਅਕਾਦਮਿਕ ਅਤੇ ਖੋਜ ਸਬੰਧੀ ਯੋਗਤਾ ਵਿੱਚ ਵਾਧਾ ਕਰਨਾ ਚਾਹੀਦਾ ਹੈ। ਡਾ. ਧਰਮਿੰਦਰ ਸਿੰਘ ਉਭਾ ਨੇ ਕਿਹਾ ਕਿ ਉਚ ਸਿੱਖਿਆ ਵਿੱਚ ਮਨੁੱਖੀ ਕਦਰਾਂ ਕੀਮਤਾਂ ਦੀ ਬਹੁਤ ਵੱਡੀ ਅਹਿਮੀਅਤ ਹੈ। ਸਮੇਂ ਦੀ ਮੰਗ ਅਨੁਸਾਰ ਅਧਿਆਪਕ ਲਈ ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਉਹ ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ ਦੇਣ ਦੇ ਨਾਲ-ਨਾਲ ਸਿੱਖਿਆ ਦੀਆਂ ਤਕਨੀਕੀ ਵਿਧੀਆਂ ਸਿੱਖ ਕੇ ਆਪਣੇ ਆਪ ਨੂੰ ਸਮੇਂ ਦੇ ਹਾਣੀ ਬਣਾਉਣ ਅਤੇ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਦੀ ਸਿੱਖਿਆ ਵੀ ਦੇਣ। ਇਸ ਫੈਕਲਟੀ ਪ੍ਰੋਗਰਾਮ ਦੇ ਕਨਵੀਨਰ ਡਾ. ਜਸਲੀਨ ਕੌਰ, ਡਿਪਟੀ ਪ੍ਰਿੰਸੀਪਲ, ਖ਼ਾਲਸਾ ਕਾਲਜ, ਪਟਿਆਲਾ ਨੇ ਆਏ ਹੋਏ ਬੁਲਾਰਿਆਂ ਅਤੇ ਵੱਖ ਵੱਖ ਕਾਲਜਾਂ ਤੋਂ ਆਏ ਅਧਿਆਪਕ ਸਾਹਿਬਾਨ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੇ ਮੰਚ ਦਾ ਸੰਚਾਲਨ ਪ੍ਰੋ. ਇੰਦਰਬੀਰ ਕੌਰ ਅਤੇ ਪੋ. ਏਕਤਾ ਨੇ ਕੀਤਾ।

Send this to a friend