May 21, 2026 10:42 pm

ਅਲੋਕਿਕ ਪੈਦਲ ਮਾਰਚ 21 ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਹੋਵੇਗਾ ਰਵਾਨਾ : ਭਾਈ ਚਾਵਲਾ

ਸ੍ਰੀ ਅਨੰਦਪੁਰ ਸਾਹਿਬ, 18 ਦਸੰਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਅਲੋਕਿਕ ਨਗਰ ਕੀਰਤਨ 21 ਦਸੰਬਰ ਅੰਮ੍ਰਿਤ ਵੇਲੇ ਤਖਤ ਸ੍ਰੀ ਕੇਸਗੜ ਸਾਹਿਬ ਤੋਂ ਅਰੰਭ ਹੋਵੇਗਾ ਜਿਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਬਾਬਾ ਜੋਰਾ ਸਿੰਘ ਲਖਾ ਵਲੋਂ ਸਾਂਝੇ ਤੌਰ ਤੇ ਦਿਤੀ ਗਈ। ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਪਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਦਸਿਆ ਕਿ ਇਸ ਸਬੰਧੀ 20 ਦਸੰਬਰ ਸ਼ਾਮ ਨੂੰ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਵਿਸ਼ੇਸ਼ ਧਾਰਮਿਕ ਦੀਵਾਨ ਸਜਣਗੇ ਜਿਸ ਵਿਚ ਕੌਮ ਦੇ ਮਹਾਨ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਕਥਾਵਾਚਕ ਭਾਈ ਪਿੰਦਰਪਾਲ ਸਿੰਘ, ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਪੰਥਕ ਸ਼ਖਸ਼ੀਅਤਾਂ ਹਾਜ਼ਰੀਆਂ ਭਰਨਗੀਆਂ। ਉਨ੍ਹਾਂ ਦਸਿਆ ਕੇ ਰਾਤ ਦੇ ਦੀਵਾਨ ਉਪਰੰਤ ਅੰਮ੍ਰਿਤ ਵੇਲੇ ਵਿਸ਼ਾਲ ਨਗਰ ਕੀਰਤਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਅਤੇ ਜੈਕਾਰਿਆਂ ਦੀ ਗੂੰਜ ਵਿਚ ਆਪਣੀ ਮੰਜ਼ਿਲੇ ਮਕਸੂਦ ਵਲ ਵਧੇਗਾ। ਜਿਨ੍ਹਾਂ ਰਸਤਿਆਂ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸਿੰਘਾਂ ਸਮੇਤ ਗਏ ਸਨ ਉਸੇ ਹੀ ਰਸਤੇ ਤੇ ਜਾਂਦਾ ਹੋਇਆ ਇਹ ਨਗਰ ਕੀਰਤਨ ਗੁਰਦੁਆਰਾ ਮਹਿੰਦੀਆਣਾ ਸਾਹਿਬ ਪਹੁੰਚ ਕੇ ਸਮਾਪਤ ਹੋਵੇਗਾ। ਭਾਈ ਚਾਵਲਾ ਨੇ ਅਪੀਲ ਕੀਤੀ ਕਿ ਸੰਗਤਾਂ ਆਪਣੇ ਪਰਿਵਾਰਾਂ ਸਮੇਤ ਸਮਾਗਮ ਅਤੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰਨ ਤਾਂ ਜੋ ਗੁਰੂ ਪਾਤਸ਼ਾਹ ਜੀ ਵਲੋਂ ਅਨੰਦਪੁਰ ਸਾਹਿਬ ਨੂੰ ਸਦਾ ਸਦਾ ਦੇ ਛਡ ਜਾਣ ਦੇ ਦਿਨ ਨੂੰ ਸ਼ਰਧਾ ਨਾਲ ਮਨਾਇਆ ਜਾਵੇ। ਇਸ ਮੌਕੇ ਤਖ਼ਤ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ, ਬਾਬਾ ਜਰਨੈਲ ਸਿੰਘ, ਜਥੇਦਾਰ ਸੰਤੋਖ ਸਿੰਘ, ਮਨਜਿੰਦਰ ਸਿੰਘ ਬਰਾੜ, ਮਨਜੀਤ ਸਿੰਘ ਬਾਸੋਵਾਲ, ਜਥੇਦਾਰ ਰਾਮ ਸਿੰਘ, ਹਰਜੀਤ ਸਿੰਘ ਅਚਿੰਤ, ਤੇਜਿੰਦਰ ਸਿੰਘ ਵਾਲੀਆ, ਸੰਦੀਪ ਸਿੰਘ ਕਲੋਤਾ, ਹਰਦੇਵ ਸਿੰਘ ਹੈਪੀ, ਭੁਪਿੰਦਰ ਸਿੰਘ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।

Send this to a friend