May 23, 2026 7:59 pm

ਹੈਰੀਟੇਜ ਪਬਲਿਕ ਸਕੂਲ ’ਚ ਸਾਲਾਨਾ ਖੇਡ ਸਮਾਗਮ

ਭਵਾਨੀਗੜ੍ਹ, 15 ਦਸੰਬਰ (ਕ੍ਰਿਸ਼ਨ ਗਰਗ)-ਪੜ੍ਹਾਈ ਦੇ ਨਾਲ਼-ਨਾਲ਼ ਖੇਡਾਂ ਵਿੱਚ ਵੀ ਦਿਲਚਸਪੀ ਪੈਦਾ ਕਰਨ ਦੇ ਮੰਤਵ ਨਾਲ਼ ਸਥਾਨਕ ਹੈਰੀਟੇਜ ਪਬਲਿਕ ਸਕੂਲ ਵਿੱਚ ਸਕੂਲ ਮੁਖੀ ਸ੍ਰੀਮਤੀ ਮੀਨੂ ਸੂਦ ਅਤੇ ਖੇਡ-ਕੋਚ ਸ੍ਰੀ ਵੀਰ ਚੰਦ, ਸ੍ਰੀ ਜਗਦੀਪ ਸਿੰਘ, ਸ੍ਰੀਮਤੀ ਜਤਿੰਦਰ ਕੌਰ ਦੀ ਯੋਗ ਅਗਵਾਈ ਸਦਕਾ ਸਲਾਨਾ ਖੇਡ-ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਦੀ ਸ਼ੁਰੂਆਤ ਵਿੱਚ ਮਾਰਚ-ਪਾਸਟ ਕਰਵਾਈ ਗਈ ਇਸ ਤੋਂ ਬਾਅਦ ਬੱਚਿਆਂ ਨੂੰ ਇਮਾਨਦਾਰੀ ਨਾਲ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ ਸਹੁੰ ਚੁਕਾਈ ਗਈ ਅਤੇ ਮਸ਼ਾਲ ਜਲਾ ਕੇ ਇਸ ਸਮਾਰੋਹ ਦਾ ਆਗਾਜ਼ ਕੀਤਾ ਗਿਆ। ਇਸ ਸਮਾਰੋਹ ਵਿੱਚ ਅੰਤਰ-ਹਾਊਸ ਖੇਡ ਮੁਕਾਬਲੇ ਹੋਏ, ਜਿਸ ਵਿੱਚ 100 ਮੀਟਰ, 200 ਮੀਟਰ, 400 ਮੀਟਰ, 600 ਮੀਟਰ, 800 ਮੀਟਰ, 1500 ਮੀਟਰ, 1600 ਮੀਟਰ, 5000 ਮੀਟਰ ਰੇਸ ਮੁਕਾਬਲੇ, ਸ਼ਾਰਟ-ਪੁੱਟ, ਲੌਂਗ ਜੰਪ, ਜੈਵਲੀਨ-ਥ੍ਰੋ, ਡੀਸਕਸ-ਥ੍ਰੋ, 80,100,400 ਮੀਟਰ ਹਰਡਲਸ ਅਤੇ ਰੱਸਾ-ਕਸ਼ੀ ਆਦਿ ਖੇਡਾਂ ਕਰਵਾਈਆਂ ਗਈਆਂ। ਇਹਨਾਂ ਖੇਡਾਂ ਵਿੱਚ ਵਿਦਿਆਰਥੀਆਂ ਨੇ ਵਧੀਆ ਖੇਡ-ਪ੍ਰਦਰਸ਼ਨ ਕੀਤਾ। ਇਹਨਾਂ ਮੁਕਾਬਲਿਆਂ ਵਿੱਚ ਪਟੇਲ ਹਾਊਸ ਨੇ ਪਹਿਲਾ, ਨਹਿਰੂ ਹਾਊਸ ਨੇ ਦੂਜਾ, ਗਾਂਧੀ ਹਾਊਸ ਨੇ ਤੀਜਾ ਅਤੇ ਸੁਭਾਸ਼ ਹਾਊਸ ਨੇ ਚੌਥਾ ਸਥਾਨ ਹਾਸਲ ਕੀਤਾ। ਇਸੇ ਸਮਾਰੋਹ ਦੌਰਾਨ ਛੇਵੀਂ ਤਂੋ ਅੱਠਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੇ ਯੋਗਾ ਇੱਕ ਵਿਸ਼ੇਸ਼ ਪ੍ਰਦਰਸ਼ਨ ਵੀ ਕੀਤਾ। ਸਕੂਲ਼ ਮੁਖੀ ਸ੍ਰੀਮਤੀ ਮੀਨੂ ਸੂਦ ਨੇ ਬੱਚਿਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਖੇਡਾਂ ਵਿਅਕਤੀ ਅੰਦਰ ਕਈ ਤਰ੍ਹਾਂ ਦੇ ਗੁਣ ਜਿਵੇਂ ਅਨੁਸ਼ਾਸਨ ਦੀ ਭਾਵਨਾ, ਧੀਰਜ ਰੱਖਣਾ, ਸੰਘਰਸ਼ ਕਰਨਾ, ਮਿਲਕੇ ਚੱਲਣਾ ਅਤੇ ਹਾਰ ਨੂੰ ਹੱਸ ਕੇ ਸਵੀਕਾਰ ਕਰਨਾ ਆਦਿ ਪੈਦਾ ਕਰਦੀਆਂ ਹਨ। ਵਿਦਿਆਰਥੀ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਇਹਨਾਂ ਦਾ ਤੰਦਰੁਸਤ ਹੋਣਾ ਦੇਸ਼ ਦੇ ਵਿਕਾਸ ਦੀ ਨਿਸ਼ਾਨੀ ਹੈ। ਇਸ ਲਈ ਸਾਰਿਆਂ ਨੂੰ ਖੇਡਾਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ ਤਾਂ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ। ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ, ਆਸ਼ਿਮਾ ਮਿੱਤਲ ਅਤੇ ਸਕੂਲ਼ ਮੁਖੀ ਸ੍ਰੀਮਤੀ ਮੀਨੂ ਸੂਦ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

Send this to a friend