ਪਹਿਲੇ ਭਾਸ਼ਨ ਵਿੱਚ ਭਾਜਪਾ ’ਤੇ ਹਿੰਸਾ ਦੀ ਰਾਜਨੀਤੀ ਕਰਨ ਦਾ ਲਾਇਆ ਦੋਸ਼
ਨਵੀਂ ਦਿਲੀ, 16 ਦਸੰਬਰ- ਨਹਿਰੂ ਗਾਂਧੀ ਖਾਨਦਾਨ ਦੇ ਚਿਰਾਗ ਅਤੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਨੇ ਸ਼ਨਿੱਚਰਵਾਰ ਨੂੰ ਕਾਂਗਰਸ ਦੇ ਨਵੇਂ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ। ਪਾਰਟੀ ਨੇ ਬਕਾਇਦਾ ਚੋਣ ਪ੍ਰਕਿਰਿਆ ਰਾਹੀਂ ਉਨ੍ਹਾਂ ਨੂੰ ਬਿਨਾ ਮੁਕਾਬਲਾ ਪ੍ਰਧਾਨ ਚੁਣਿਆ ਹੈ। ਚੋਣ ਅਧਿਕਾਰੀ ਵੱਲੋਂ ਅੱਜ ਸ਼੍ਰੀ ਰਾਹੁਲ ਗਾਂਧੀ ਨੂੰ ਪ੍ਰਧਾਨ ਚੁਣੇ ਜਾਣ ਦਾ ਸਰਟੀਫਿਕੇਟ ਸੌਂਪਿਆ। ਉਹ ਆਪਣੀ ਮਾਤਾ ਸ਼੍ਰੀਮਤੀ ਸੋਨੀਆ ਗਾਂਧੀ ਦੀ ਥਾਂ ਪਾਰਟੀ ਦੇ ਪ੍ਰਧਾਨ ਚੁਣੇ ਗਏ ਹਨ। ਸ਼੍ਰੀਮਤੀ ਸੋਨੀਆ ਗਾਂਧੀ ਦੀ ਅਗਲੇਰੀ ਭੂਮਿਕਾ ਬਾਰੇ ਅਜੇ ਸਪਸ਼ਟ ਨਹੀਂ ਹੋ ਸਕਿਆ ਪ੍ਰੰਤੂ ਗਾਂਧੀ ਪਰਿਵਾਰ ਦਾ ਕਹਿਣਾ ਹੈ ਕਿ ਉਹ ਲਗਾਤਾਰ ਸਰਗਰਮ ਸਿਆਸਤ ਵਿੱਚ ਬਣੇ ਰਹਿਣਗੇ ਅਤੇ 2019 ਦੀ ਲੋਕਸਭਾ ਚੋਣ ਲੜਣਗੇ।
ਸੋਨੀਆ ਗਾਂਧੀ, ਡਾ. ਮਨਮੋਹਨ ਸਿੰਘ ਤੇ ਹੋਰ ਆਗੂ ਰਹੇ ਮੌਜੂਦ- ਦਿਲੀ ਦੇ 24 ਅਕਬਰ ਰੋਡ ਸਥਿਤ ਕਾਂਗਰਸ ਦਫਤਰ ‘ਤੇ ਇਕ ਪ੍ਰੋਗਰਾਮ ‘ਚ ਹੋਈ ਰਾਹੁਲ ਗਾਂਧੀ ਦੀ ਤਾਜਪੋਸ਼ੀ ਮੌਕੇ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਪ੍ਰਿਯੰਕਾ ਗਾਂਧੀ, ਰਾਬਰਟ ਵਾਡਰਾ ਅਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਰਹੇ। ਸ਼੍ਰੀ ਰਾਹੁਲ ਗਾਂਧੀ ਨੇ 132 ਸਾਲ ਪੁਰਾਣੀ ਪਾਰਟੀ ਪਾਰਟੀ ਦੇ 60ਵੇਂ ਕੌਮੀ ਪ੍ਰਧਾਨ ਬਣੇ ਹਨ। ਉਨ੍ਹਾਂ ਨੂੰ 11 ਦਸੰਬਰ ਨੂੰ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਸੀ।
ਕਾਂਗਰਸੀ ਵਰਕਰਾਂ ਨੇ ਮਨਾਏ ਜਸ਼ਨ- ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਨੇ ਪਟਾਕੇ ਚਲਾ ਕੇ ਅਤੇ ਮਠਿਆਈਆਂ ਵੰਡ ਕੇ ਜਸ਼ਨ ਮਨਾਏ। ਰਾਹੁਲ ਗਾਂਧੀ ਪ੍ਰਧਾਨ ਅਹੁਦਾ ਸੰਭਾਲਣ ਵਾਲੇ ਨਹਿਰੂ-ਗਾਂਧੀ ਪਰਿਵਾਰ ਦੇ ਛੇਵੇਂ ਮੈਂਬਰ ਹਨ।
ਸੋਨੀਆ ਗਾਂਧੀ ਰਹੀ 19 ਸਾਲ ਕਾਂਗਰਸ ਦੀ ਪ੍ਰਧਾਨ- ਰਾਹੁਲ ਗਾਂਧੀ ਤੋਂ ਪਹਿਲਾਂ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਕਾਂਗਰਸ ਪ੍ਰਧਾਨ ਦੇ ਅਹੁਦੇ ਉਤੇ ਲਗਾਤਾਰ 19 ਸਾਲ ਰਹੀ। ਉਹ 1998 ਤੋਂ 2017 ਤਕ ਕਾਂਗਰਸ ਦੀ ਪ੍ਰਧਾਨ ਰਹੀ। ਪ੍ਰਧਾਨਗੀ ਸੰਭਾਲਣ ਤੋਂ ਬਾਅਦ ਸ਼੍ਰੀ ਰਾਹੁਲ ਗਾਂਧੀ ਨੇ ਆਪਣੇ ਪਹਿਲੇ ਭਾਸ਼ਨ ਵਿੱਚ ਹੁਕਮਰਾਨ ਭਾਰਤੀ ਜਨਤਾ ਪਾਰਟੀ ਉਪਰ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਵਿੱਚ ਅੱਗ ਲਗਾਉਣ ਦਾ ਕੰਮ ਕਰ ਰਹੀ ਹੈ ਅਤੇ ਕਾਂਗਰਸ ਇਸ ਦਾ ਡਟ ਕੇ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸਿਰਫ ਕਾਂਗਰਸ ਦੇ ਵਰਕਰ ਹੀ ਰੋਕ ਸਕਦੇ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਭਾਜਪਾ ਲੋਕਾਂ ਦੀ ਆਵਾਜ਼ ਦਬਾਉਂਦੀ ਹੈ। ਜਦੋਂ ਕਿ ਕਾਂਗਰਸ ਲੋਕਾਂ ਨੂੰ ਬੋਲਣ ਦਾ ਮੌਕਾ ਦਿੰਦੀ ਹੈ। ਉਨ੍ਹਾਂ ਨੇ ਭਾਜਪਾ ’ਤੇ ਹਿੰਸਾ ਦੀ ਰਾਜਨੀਤੀ ਕਰਨ ਅਤੇ ਕਦਰਾਂ ਕੀਮਤਾਂ ਨੂੰ ਕੁਚਲਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਕ੍ਰੋਧ ਅਤੇ ਗੁੱਸੇ ਦੀ ਰਾਜਨੀਤੀ ਨਾਲ ਲੜੇਗੀ ਅਤੇ ਉਸ ਨੂੰ ਹਰਾਏਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਕਾਂਗਰਸ ਭਾਰਤ ਦੀ ਜਨਤਾ ਦੇ ਸਾਥ ਸੰਵਾਦ ਦਾ ਜ਼ਰੀਆ ਬਣੇ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਜਦੋਂ 13 ਸਾਲ ਪਹਿਲਾਂ ਰਾਜਨੀਤੀ ਵਿੱਚ ਆਏ ਸਨ ਤਾਂ ਉਨ੍ਹਾਂ ਨੇ ਭਾਰਤ ਵਿੱਚ ਬਦਲਾਅ ਦਾ ਇੱਕ ਸੁਪਨਾ ਲਿਆ ਸੀ।