May 23, 2026 10:18 pm

ਗੰਗੂਵਾਲ ਤੇ ਕੋਟਲਾ ਦੇ ਨਵੀਨੀਕਰਨ ਨਾਲ ਭਾਖੜਾ ਬੋਰਡ ਨੂੰ ਰੋਜ਼ਾਨਾਂ ਹੋਵੇਗੀ 33 ਲੱਖ ਦੀ ਕਮਾਈ : ਕਾਲੜਾ

ਪਣ ਬਿਜਲੀ ’ਤੇ ਅਧਾਰਤ ਬੋਰਡ ਹੁਣ ਪੈਦਾ ਕਰ ਰਿਹੈ ਸੂਰਜੀ ਊਰਜਾ

ਸ੍ਰੀ ਆਨੰਦਪੁਰ ਸਾਹਿਬ, 15 ਦਸੰਬਰ- ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧੀਨ ਆਉਂਦੇ ਗੰਗੂਵਾਲ ਤੇ ਕੋਟਲਾ ਪਣ ਬਿਜਲੀ ਘਰਾਂ ਦੀਆਂ ਮਸ਼ੀਨਾਂ ਦੇ ਸ਼ੁਰੂ ਹੋਣ ਨਾਲ ਰੋਜ਼ਾਨਾਂ ਬੋਰਡ ਨੂੰ 33 ਲਖ ਰੁਪਏ ਦੀ ਆਮਦਨ ਹੋ ਰਹੀ ਹੈ। ਜੋ ਕਿ 50 ਸਾਲ ਪੁਰਾਣੀਆਂ ਮਸ਼ੀਨਾਂ ਨੂੰ ਅਪਗ੍ਰੇਡ ਕਰਨ ਤੋਂ ਬਾਅਦ ਹੀ ਸੰਭਵ ਹੋ ਸਕਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇ ਬੋਰਡ ਦੇ ਮੈਂਬਰ ਪਾਵਰ ਸ੍ਰੀ ਵੀ ਕੇ ਕਾਲੜਾ ਨੇ ਕੀਤਾ।ਕਾਲੜਾ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਕਿਹਾ ਕਿ ਸਾਲ 2013 ਤੋਂ ਬੰਦ ਪਈ ਕੋਟਲਾ ਅਤੇ ਗੰਗੂਵਾਲ ਪਾਵਰ ਹਾਊਸ ਦੀ ਇਕ ਇਕ ਮਸ਼ੀਨ ਹਾਲ ਹੀ ਵਿਚ ਸ਼ੁਰੂ ਕਰ ਦਿਤੀ ਗਈਆਂ। ਜਿਨ੍ਹਾਂ ਤੋਂ ਰੋਜ਼ਾਨਾਂ ਕਰੀਬ 11 ਲਖ ਯੂਨਿਟ ਬਿਜਲੀ ਦੀ ਪੈਦਾਵਾਰ ਹੋ ਰਹੀ ਹੈ। ਜਿਸ ਅਨੁਸਾਰ ਘਟ ਤੋਂ ਘਟ 33 ਲਖ ਰੁਪਏ ਰੋਜ਼ਾਨਾਂ ਦੀ ਆਮਦਨ ਹੁੰਦੀ ਹੈ। ਇਸਲਈ ਬੋਰਡ ਦੇ ਸਮੂੰਹ ਕਰਮਚਾਰੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਪੂਰੀ ਤਨਦੇਹੀ ਦੇ ਨਾਲ ਇਹ ਕਾਰਜ ਨੇਪਰੇ ਚਾੜ੍ਹਿਆਂ ਹੈ।ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅੰਦਰ ਪੰਜਾਬ ਦੇ ਹਿਸੇ ਦੀਆਂ ਅਸਾਮੀਆਂ ਖਾਲੀ ਹੋਣ ਬਾਰੇ ਪੁਛਣ ਤੇ ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਪੰਜਾਬ ਨੂੰ ਇਹ ਲਿਖ ਕੇ ਭੇਜ ਚੁਕੇ ਹਾਂ ਪਰ ਪੰਜਾਬ ਵਲੋਂ ਹੀ ਕੋਈ ਸਾਰਥਕ ਪਹਿਲ ਨਹੀਂ ਕੀਤੀ ਜਾ ਰਹੀ ਹੈ।ਪਰ ਫਿਰ ਵੀ ਅਸੀਂ ਯਤਨਸ਼ੀਲ ਹਾਂ ਕਿ ਪੰਜਾਬ ਦਾ ਕਾਡਰ ਪੂਰਾ ਕੀਤਾ ਜਾਵੇ।ਬੋਰਡ ਦੀ ਨਵੀਂ ਪਹਿਲ ਦੀ ਗਲ ਕਰਦੇ ਹੋਏ ਕਾਲੜਾ ਨੇ ਕਿਹਾ ਕਿ ਹੁਣ ਤਕ ਤਾਂ ਬੋਰਡ ਪਣ ਬਿਜਲੀ ਦੀ ਪੈਦਾਵਾਰ ਲਈ ਜਾਣਿਆਂ ਜਾਂਦਾ ਸੀ ਪਰ ਹੁਣ ਅਸੀਂ ਸੌਰ ਊਰਜਾ ਦੀ ਪੈਦਾਵਾਰ ਸ਼ੁਰੂ ਕਰ ਦਿਤੀ ਹੈ।ਜੋ ਕਿ ਬੋਰਡ ਦੇ ਇਤਿਹਾਸ ‘ਚ ਇਕ ਕ੍ਰਾਂਤੀਕਾਰੀ ਕਦਮ ਹੈ।

Send this to a friend