May 24, 2026 1:33 am

ਪਿੰਡ ਸੋਹਲ ਪੱਤੀ ਵਿਖੇ ਮਾਡਲ ਆਂਗਣਵਾੜੀ ਸੈਂਟਰ ਦਾ ਡੀ.ਸੀ. ਬਰਨਾਲਾ ਵੱਲੋਂ ਉਦਘਾਟਨ

ਬਰਨਾਲਾ, 15 ਦਸੰਬਰ (ਕੁਲਦੀਪ ਗਰੇਵਾਲ)-  ਪੇਂਡੂ ਖੇਤਰ ਵਿਚ ਰਹਿੰਦੇ ਛੋਟੇ ਬਚਿਆਂ ਦੀ ਭਲਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਰਨਾਲਾ ਜ਼ਿਲ੍ਹੇ ਅੰਦਰ ਤਿੰਨ ਮਾਡਲ ਆਂਗਣਵਾੜੀ ਸੈਂਟਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਵਲੋਂ ਅਜ ਸੋਹਲ ਪਤੀ ਬਰਨਾਲਾ ਵਿਖੇ ਬਣਾਏ ਗਏ ਮਾਡਲ ਆਂਗਣਵਾੜੀ ਸੈਂਟਰ ਦਾ ਉਦਘਾਟਨ ਕਰਨ ਸਮੇਂ ਕੀਤਾ ਗਿਆ।ਜ਼ਿਲ੍ਹੇ ਅੰਦਰ ਪਿੰਡ  ਠੀਕਰੀਵਾਲਾ ਅਤੇ ਮੂੰਮ ਵਿਖੇ ਵੀ ਮਾਡਲ ਆਂਗਣਵਾੜੀ ਸੈਂਟਰ ਜਲਦ ਬਣਾਏ ਜਾਣਗੇ। ਉਹਨਾਂ ਦਸਿਆ ਕਿ ਇੰਨ੍ਹਾਂ ਮਾਡਲ ਆਂਗਣਵਾੜੀ ਸੈਂਟਰਾਂ ਦਾ ਕੰਮ ਤੇਜੀ ਨਾਲ ਹੋ ਰਿਹਾ ਹੈ ਅਤੇ ਜਲਦ ਹੀ ਪੂਰਾ ਕਰ ਲਿਆ ਜਾਵੇਗਾ।ਸ਼੍ਰੀ ਥੋਰੀ ਨੇ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੇਂਡੂ ਖੇਤਰ ਵਿਚ ਰਹਿੰਦੇ ਛੋਟੇ ਬਚਿਆਂ ਦੀ ਭਲਾਈ ਲਈ ਮਾਡਲ ਆਂਗਣਵਾੜੀ ਸੈਂਟਰਾਂ ਦੀ ਜਰੂਰਤ ਮਹਿਸੂਸ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦ ਇੰਨ੍ਹਾਂ ਆਂਗਣਵਾੜੀ ਸੈਂਟਰਾਂ ਦਾ ਕੰਮ ਪੂਰਾ ਹੋ ਜਾਵੇਗਾ, ਤਾਂ ਬਚਿਆਂ ਨੂੰ  ਨਿਜੀ ਸਕੂਲਾਂ ਦੇ ਕਰੈਚ ਦੀ ਤਰ੍ਹਾਂ ਹੀ ਸਾਰੀਆਂ ਸਹੂਲਤਾਂ ਮੁਹਈਆ ਹੋਣਗੀਆਂ। ਉਨ੍ਹਾਂ ਦਸਿਆ ਕਿ ਇਹ ਮਾਡਲ ਆਂਗਣਵਾੜੀ ਸੈਂਟਰ ਵਿਚ ਬਚਿਆਂ ਲਈ ਆਡੀਓ ਵਿਜੂਅਲ ਸਿਸਟਮ ਨਾਲ ਲੈਸ ਸਮਾਰਟ ਕਲਾਸਰੂਮ, ਦੀਵਾਰਾਂ ਤੇ ਆਕਰਸ਼ਕ ਵਾਲ ਪੇਟਿੰਗ, ਬੈਠਣ ਲਈ ਵਧੀਆਂ ਕੁਆਇਲਟੀ ਦਾ ਫਰਨੀਚਰ ਅਤ ਛੋਟੇ ਬਚਿਆਂ ਦੇ ਅਨੁਕੂਲ ਪਖਾਨੇ ਸਮੇਤ ਹੋਰ ਵੀ ਕਈ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ।  ਸ਼੍ਰੀ ਥੋਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਲਈ ਸਾਰਾ ਫੰਡ ਕਾਰਪੋਰਟੇ ਸੋਸ਼ਲ ਰਿਸਪਾਂਸਬਿਲਟੀਬਿਲਟੀ (ਸੀ.ਐਸ.ਆਰ.) ਐਕਟੀਵਿਟੀ ਅਤੇ ਬੇਟੀ ਬਚਾਓ, ਬੇਟੀ ਪੜ੍ਹਾਓ ਸਕੀਮ ਤਹਿਤ ਪ੍ਰਾਪਤ ਕੀਤਾ  ਗਿਆ ਹੈ। ਉਨ੍ਹਾਂ ਦਸਿਆ ਕਿ ਬੇਟੀ ਬਚਾਓ, ਬੇਟੀ ਪੜ੍ਹਾਓ ਸਕੀਮ ਤਹਿਤ ਫੰਡਾਂ ਦੀ ਵਰਤੋਂ ਸਮਾਜਿਕ ਤੇ ਨੇਕ ਕੰਮਾਂ ਲਈ ਕੀਤੀ ਜਾ ਰਹੀ ਹੈ।ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਨੇ ਦਸਿਆ ਕਿ ਉਨ੍ਹਾਂ ਵਲੋਂ ਏ.ਡੀ.ਸੀ. (ਵਿਕਾਸ) ਨੂੰ ਪਲਾਨ ਤਿਆਰ ਕਰਨ ਦੇ ਨਿਰਦੇਸ਼ ਦਿਤੇ ਗਏ ਹਨ, ਤਾਂ ਜੋ ਅਜਿਹੇ ਮਾਡਲ ਆਂਗਣਵਾੜੀ ਸੈਂਟਰਾਂ ਨੂੰ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਖੋਲ੍ਹਿਆਂ ਜਾਵੇ। ਉਨ੍ਹਾਂ ਦਸਿਆ ਕਿ ਮਾਡਲ ਆਂਗਣਵਾੜੀ ਸੈਂਟਰਾਂ ਦੀ ਉਸਾਰੀ ਲਈ ਸੀ.ਐਸ.ਆਰ. ਐਕਟੀਵਿਟੀ ਅਧੀਨ ਫੰਡ ਪ੍ਰਾਪਤ ਕੀਤੇ ਗਏ ਹਨ ਅਤੇ ਜੇਕਰ ਇਸ ਪ੍ਰੋਜੈਕਟ ਲਈ ਹੋਰ ਫੰਡ ਦੀ ਜਰੂਰਤ ਪਈ ਤਾਂ ਮਗਨਰੇਗਾ ਸਕੀਮ ਤਹਿਤ ਫੰਡ ਮੁਹਈਆ ਕਰਵਾਏ ਜਾਣਗੇ।ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਰਨਾਲਾ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਇਮਾਰਤ ਦਾ ਪੂਰਾ ਮੁਰੰਮਤ ਦਾ ਕੰਮ ਪਹਿਲਾਂ ਹੀ ਸ਼ੁਰੂ ਕੀਤਾ ਹੋਇਆ ਹੈ। ਵਿਦਿਆਰਥੀਆਂ ਦੇ ਫਾਇਦੇ ਸਕੂਲ ਵਿਚ ਇਕ ਮੈਥ ਪਾਰਕ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਰਨਾਲਾ ਵਿਖੇ ਵੀ ਮੈਥ ਪਾਰਕ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤਪਾ ਵਿਖੇ ਪਹਿਲਾਂ ਹੀ ਸ਼੍ਰੀਨਿਵਾਸ ਰਾਮਾਨੁਜਨ ਮੈਥ ਪਾਰਕ ਦੀ ਉਸਾਰੀ ਕੀਤੀ ਜਾ ਚੁਕੀ ਹੈ, ਅਤੇ ਇਹ ਮੈਥ ਪਾਰਕ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪੜਾਈ ਵਿਚ ਕਾਫੀ ਮਦਦਗਾਰ ਸਾਬਿਤ ਹੋ ਰਿਹਾ ਹੈ। ਤਪਾ ਵਿਖੇ ਹੀ ਦੂਸਰਾ ਮੈਥ ਪਾਰਕ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਤਪਾ ਵਿਖੇ ਉਸਾਰਿਆ ਜਾ ਰਿਹਾ ਹੈ। ਇਸ ਉਦੇਸ਼ ਲਈ ਦਾਨੀ ਸਜਣਾਂ ਦੇ ਸਹਿਯੋਗ ਨਾਲ ਕਾਰਪੋਰੇਟ ਸੋਸ਼ਲ ਰਿਸਪਾਂਸਬਿਲਟੀ ਐਕਟੀਵਿਟੀ ਅਧੀਨ ਫੰਡ ਪ੍ਰਾਪਤ ਕੀਤੇ ਜਾ ਰਹੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਹਿੰਮਾਸ਼ੂ ਗੁਪਤਾ, ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਮੈਡਮ ਸ਼ਾਇਰੀ ਮਲਹੋਤਰਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੰਜੀਵ ਕੁਮਾਰ ਸ਼ਰਮਾ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਪ੍ਰਵੇਸ਼ ਗੋਇਲ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸੁਖਦੀਪ ਸਿੰਘ, ਸਰਪੰਚ ਮਨਜੀਤ ਕੌਰ, ਪੰਚ ਦਰਸ਼ਨ ਸਿੰਘ, ਸੋਹਣ ਸਿੰਘ, ਅਮਰਜੀਤ ਕੌਰ, ਸੁਖਪ੍ਰੀਤ ਸਿੰਘ ਮੌਜੂਦ ਸਨ।

Send this to a friend