ਫ਼ਤਹਿਗੜ੍ਹ ਸਾਹਿਬ, 12 ਦਸੰਬਰ (ਮਨੋਜ ਭੱਲਾ)- ਜ਼ਿਲ੍ਹਾ ਪੁਲਿਸ ਨੇ 2 ਦਸੰਬਰ, 2017 ਨੂੰ ਪਿੰਡ ਮੁੱਲਾਂਪੁਰ ਦੇ ਕਮਾਦ ਦੇ ਖੇਤਾਂ ਵਿੱਚੋਂ ਮਿਲੀ ਕਤਲ ਕੀਤੇ ਨੌਜਵਾਨ ਦੀ ਅਣਪਛਾਤੀ ਲਾਸ਼ ਦੇ ਵਾਰਸਾਂ ਨੂੰ ਲੱਭ ਕੇ ਅੰਨੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਅਤੇ ਇਸ ਵਿੱਚ ਸ਼ਾਮਲ ਕਥਿਤ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਸ਼੍ਰੀਮਤੀ ਮੀਨਾ ਨੇ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਚਰਨਜੀਤ ਸਿੰਘ ਉਰਫ ਚੰਨੀ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਚੰਡਿਆਲਾ, ਥਾਣਾ ਖਮਾਣੋਂ ਵਜੋਂ ਹੋਈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਨਾਲ ਸੰਪਰਕ ਕਰਕੇ ਮਿਤੀ 8-12-2017 ਨੂੰ ਮ੍ਰਿਤਕ ਚਰਨਜੀਤ ਸਿੰਘ ਉਰਫ ਚੰਨੀ ਦੀ ਲਾਸ਼ ਵਾਰਸਾਂ ਦੇ ਸਪੁਰਦ ਕਰ ਦਿੱਤੀ ਗਈ। ਇਸ ਉਪਰੰਤ ਮੁੱਖ ਥਾਣਾ ਅਫਸਰ ਬਸੀ ਪਠਾਣਾ ਇੰਸਪੈਕਟਰ ਦਲਜੀਤ ਸਿੰਘ ਅਤੇ ਥਾਣੇਦਾਰ ਹਰਮਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਕਾਰਵਾਈ ਕਰਦੇ ਹੋਏ ਇਸ ਕੇਸ ਦੇ ਕਥਿਤ ਦੋਸ਼ੀ ਸੁਰਿੰਦਰਪਾਲ ਸਿੰਘ ਉਰਫ ਬੱਬੂ ਪੁੱਤਰ ਨਾਇਬ ਸਿੰਘ ਵਾਸੀ ਪਿੰਡ ਚੰਡਿਆਲਾ, ਥਾਣਾ ਖਮਾਣੋਂ, ਉਮਰ ਕਰੀਬ 38 ਸਾਲ ਹੈ, ਨੂੰ ਮਿਤੀ 10-12-2017 ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪੁੱਛਗਿਛ ਦੇ ਦੌਰਾਨ ਕਥਿਤ ਦੋਸ਼ੀ ਸੁਰਿੰਦਰਪਾਲ ਸਿੰਘ ਉਰਫ ਬੱਬੂ ਨੇ ਮੰਨਿਆਂ ਹੈ ਕਿ ਉਹ ਮਿਤੀ 1-12-2017 ਨੂੰ ਸਮੇਤ ਮ੍ਰਿਤਕ ਚਰਨਜੀਤ ਸਿੰਘ ਉਰਫ ਚੰਨੀ ਜਿਸ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਗੁਆਂਢੀ ਸੀ, ਨੂੰ ਨਾਲ ਲੈ ਕੇ ਚੁੰਨੀ ਲਾਂਡਰਾ ਸਾਇਡ ਆਪਣੇ ਮੋਟਰ ਸਾਇਕਲ ’ਤੇ ਕੰਮ ਦੀ ਤਲਾਸ਼ ਵਿੱਚ ਆਇਆ ਸੀ। ਜਿਥੇ ਦੋਵਾਂ ਨੇ ਮਿਲ ਕੇ ਦਿਨ ਵਿੱਚ ਹੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਪਹਿਲਾਂ ਮੋਰਿੰਡਾ ਵਿਖੇ ਫਿਰ ਸ਼ਾਮ ਸਮੇਂ ਮੋਰਿੰਡਾ ਚੁੰਨੀ ਰੋਡ ’ਤੇ ਪੈਂਦੇ ਸ਼ਰਾਬ ਦੇ ਠੇਕੇ ਨੇੜੇ ਪਿੰਡ ਮੁੱਲਾਂਪੁਰ ਵਿਖੇ ਸ਼ਰਾਬ ਪੀਣ ਲੱਗ ਪਏ। ਕਥਿਤ ਦੋਸ਼ੀ ਨੇ ਦੱਸਿਆ ਕਿ ਸ਼ਰਾਬ ਪੀਂਦੇ ਸਮੇਂ ਚਰਨਜੀਤ ਸਿੰਘ ਉਰਫ ਚੰਨੀ ਉਸ ਨੂੰ ਗਾਲੀ ਗਲੋਚ ਕਰਨ ਲੱਗ ਪਿਆ ਸੀ। ਜਿਸ ’ਤੇ ਕਥਿਤ ਦੋਸ਼ੀ ਸੁਰਿੰਦਰਪਾਲ ਮ੍ਰਿਤਕ ਚਰਨਜੀਤ ਸਿੰਘ ਉਰਫ ਚੰਨੀ ਨੂੰ ਸ਼ਰਾਬੀ ਹਾਲਤ ਵਿੱਚ ਸਤਿੰਦਰ ਸਿੰਘ ਦੀ ਮੋਟਰ ’ਤੇ ਲੈ ਕੇ ਆਇਆ ਜਿਥੇ ਜਾ ਕੇ ਉਸ ਨੇ ਚਰਨਜੀਤ ਸਿੰਘ ਉਰਫ ਚੰਨੀ ਨੂੰ ਮੋਟਰ ’ਤੇ ਪਈ ਇੱਟ ਨਾਲ ਉਸ ਦਾ ਮੂੰਹ ਤੇ ਸਿਰ ਕੁੱਟ ਕੇ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਘੜੀਸ ਕੇ ਅਵਤਾਰ ਸਿੰਘ ਦੀ ਮੋਟਰ ਦੇ ਨਾਲ ਲਗਦੇ ਕਮਾਦ ਦੇ ਖੇਤ ਵਿੱਚ ਸੁੱਟ ਦਿੱਤਾ ਸੀ। ਕਥਿਤ ਦੋਸ਼ੀ ਨੇ ਇਹ ਵੀ ਮੰਨਿਆਂ ਕਿ ਉਸ ਨੇ ਲਾਸ਼ ਦੇ ਕੱਪੜੇ ਉਤਾਰ ਕੇ ਅਤੇ ਚੰਨੀ ਨੂੰ ਮਾਰਨ ਲਈ ਵਰਤੀ ਗਈ ਇੱਟ ਅਤੇ ਮੋਬਾਇਲ ਫੋਨ ਉਹ ਆਪਣੇ ਨਾਲ ਲੈ ਗਿਆ ਸੀ। ਸ਼੍ਰੀਮਤੀ ਅਲਕਾ ਮੀਨਾ ਨੇ ਦੱਸਿਆ ਕਿ ਪਲਿਸ ਨੇ ਕਥਿਤ ਦੋਸ਼ੀ ਪਾਸੋਂ ਮ੍ਰਿਤਕ ਚਰਨਜੀਤ ਸਿੰਘ ਉਰਫ ਚੰਨੀ ਦੇ ਕਪੜੇ ਅਤੇ ਮੋਬਾਇਲ ਫੋਨ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿਛ ਕੀਤੀ ਜਾਵੇਗੀ।
ਦੋਸਤ ਨੇ ਇੱਟ ਨਾਲ ਮਾਰਕੇ ਸੁਟਿਆ ਖੇਤ ’ਚ-ਸ਼ਰਾਬ ਪੀਣ ਸਮੇਂ ਹੋਈ ਗਾਲੀ ਗਲੋਚ ਬਣੀ ਕਤਲ ਦਾ ਕਾਰਨ



