ਬਰਨਾਲਾ, 11 ਦਸੰਬਰ (ਗਰੇਵਾਲ)- ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਬਿਹਤਰ ਅਤੇ ਸਮਾਂਬਧ ਪ੍ਰਸ਼ਾਸਨਿਕ ਸਹੂਲਤਾਂ ਦੇਣ ਲਈ ਵਚਨਬਧ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਦਸਿਆ ਕਿ ਡਿਪਟੀ ਕਮਿਸ਼ਨਰ ਕੋਰਟ ਵਿਚ ਅਪ੍ਰੈਲ 2017 ਵਿਚ 158 ਕੋਰਟ ਕੇਸ ਪੈਂਡਿੰਗ ਸਨ, ਪ੍ਰੰਤੂ ਲਗਾਤਾਰ ਮੋਨੀਟਰਿੰਗ ਕਰਨ ਸਦਕਾ ਹੁਣ ਇੰਨ੍ਹਾਂ ਪੈਡਿੰਗ ਕੇਸਾਂ ਦੀ ਗਿਣਤੀ ਕੇਵਲ 18 ਰਹਿ ਗਈ ਹੈ। ਸ਼੍ਰੀ ਥੋਰੀ ਨੇ ਦਸਿਆ ਕਿ ਉਨ੍ਹਾਂ ਵਲੋਂ ਬਰਨਾਲਾ ਜ਼ਿਲ੍ਹੇ ਦਾ ਚਾਰਜ ਸੰਭਾਲਣ ਤੋਂ ਪਹਿਲਾਂ ਪੈਡਿੰਗ ਕੋਰਟ ਕੇਸਾਂ ਦੀ ਗਿਣਤੀ 158 ਸੀ, ਉਨ੍ਹਾਂ ਵਲੋਂ ਇਸ ਪਾਸੇ ਵਿਸ਼ੇਸ਼ ਧਿਆਨ ਦਿੰਦਿਆਂ ਹੁਣ ਤਕ 140 ਕੋਰਟ ਕੇਸਾਂ ਦਾ ਨਿਪਟਾਰਾ ਕੀਤਾ ਗਿਆ।ਉਨ੍ਹਾਂ ਕਿਹਾ ਕਿ 90 ਫੀਸਦੀ ਕੋਰਟ ਕੇਸਾਂ ਦਾ ਨਿਪਟਾਰਾ ਹੋ ਚੁਕਾ ਹੈ ਅਤੇ 18 ਪੈਡਿੰਗ ਕੇਸਾਂ ਦਾ ਵੀ ਜਲਦ ਨਿਪਟਾਰਾ ਕਰ ਦਿਤਾ ਜਾਵੇਗਾ।ਸ਼੍ਰੀ ਥੋਰੀ ਨੇ ਦਸਿਆ ਕਿ ਹੁਣ ਤਕ ਨਵੰਬਰ ਮਹੀਨੇ ਵਿਚ ਇਕ ਸਾਲ ਤੋਂ ਘਟ ਵਾਲੇ 35 ਕੋਰਟ ਕੇਸ ਸਨ, ਜਿੰਨ੍ਹਾਂ ਵਿਚੋਂ ਇੰਤਕਾਲ ਤੇ 4, 47-ਏ ਸਟੈਂਪ ਐਕਟ ਦੇ 24 , ਲੰਬੜਦਾਰੀ ਦਾ 1 ਅਤੇ 6 ਹੋਰ ਕੇਸ ਸਨ ਅਤੇ ਨਵੰਬਰ ਮਹੀਨੇ ਵਿਚ 6 ਹੋਰ ਕੋਰਟ ਕੇਸ ਪ੍ਰਾਪਤ ਹੋਏ ਅਤੇ ਨਿਪਟਾਰੇ ਲਈ ਕੁਲ 41 ਕੋਰਟ ਕੇਸ ਸਨ । ਉਨ੍ਹਾਂ ਦਸਿਆ ਕਿ ਇਸ ਮਹੀਨੇ ਦੌਰਾਨ 23 ਕੋਰਟ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ। ਇਸ ਤੋਂ ਇਲਾਵਾ 6 ਮਹੀਨੇ ਤੋਂ ਘਟ ਵਾਲੇ 15 ਕੇਸ ਜਿੰਨ੍ਹਾਂ ਵਿਚੋਂ 3 ਇੰਤਕਾਲ ਸਬੰਧੀ, 8 ਕੇਸ 47-ਏ ਸਟੈਂਪ ਐਕਟ, 1 ਲੰਬੜਦਾਰੀ ਕੇਸ ਅਤੇ 3 ਹੋਰ ਕੇਸ ਅਤੇ 6 ਮਹੀਨੇ ਤੋਂ 1 ਸਾਲ ਤਕ ਦੇ 47-ਏ ਸਟੈਂਪ ਐਕਟ ਦੇ 3 ਕੇਸ ਪੈਂਡਿੰਗ ਹਨ, ਇੰਨ੍ਹਾਂ 18 ਪੈਂਡਿੰਗ ਕੇਸਾਂ ਦਾ ਵੀ ਜਲਦ ਤੋਂ ਜਲਦ ਨਿਪਟਾਰਾ ਕਰ ਦਿਤਾ ਜਾਵੇਗਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਲੋਕਾਂ ਦੀ ਸਹੂਲਤ ਲਈ ਅਜਿਹੇ ਲੰਬਿਤ ਕੋਰਟ ਕੇਸਾਂ ਨੂੰ ਪਹਿਲ ਦੇ ਆਧਾਰ ਤੇ ਨਿਪਟਾਇਆ ਜਾਵੇਗਾ। ਉਨ੍ਹਾਂ ਹੋਰ ਦਸਿਆ ਕਿ ਦੂਸਰੇ ਅਫ਼ਸਰਾਂ ਐਸ.ਡੀ.ਐਮ ਅਤੇ ਤਹਿਸੀਲਦਾਰਾਂ ਨੂੰ ਵੀ ਨਿਰਦੇਸ਼ ਦਿਤੇ ਗਏ ਹਨ ਕਿ ਉਹ ਆਪਣੇ ਕੋਰਟ ਕੇਸਾਂ ਖਾਸ ਤੌਰ ’ਤੇ ਇਕ ਸਾਲ ਤੋਂ ਜਿਆਦਾ ਪੁਰਾਣੇ ਕੋਰਟ ਕੇਸਾਂ ਦਾ ਪਹਿਲ ਦੇ ਆਧਾਰ ਤੇ ਨਿਪਟਾਰਾ ਕਰਨ।
ਡਿਪਟੀ ਕਮਿਸ਼ਨਰ ਕੋਰਟ ਨਾਲ ਸੰਬੰਧਤ 90 ਫੀਸਦੀ ਕੇਸਾਂ ਦਾ ਹੋਇਆ ਨਿਪਟਾਰਾ : ਘਨਸ਼ਿਆਮ ਥੋਰੀ



