ਬਰਨਾਲਾ, 14 ਜਨਵਰੀ (ਕੁਲਦੀਪ ਸੂਦ)- ਸਵਾਮੀ ਵਿਵੇਕਾ ਨੰਦ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਕਲੱਬ ਵੱਲੋਂ ਭਾਰਤੀਆ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਉਪਲ ਦੀ ਅਗਵਾਈ ਵਿੱਚ 3 ਦਿਨਾਂ ਕ੍ਰਿਕਟ ਟੂਰਨਾਮੈਂਟ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਧੂਮ ਧੜੱਕੇ ਨਾਲ ਸ਼ੁਰੂ ਹੋਇਆ ਜਿਸ ਦਾ ਉਦਘਾਟਨ ਜ਼ਿਲ੍ਹਾ ਪ੍ਰਧਾਨ ਭਾਜਪਾ ਗੁਰਮੀਤ ਸਿੰਘ ਹੰਡਿਆਇਆ ਅਤੇ ਬਲਵਿੰਦਰ ਮਾਨ ਨੇ ਕੀਤਾ। ਉਨ੍ਹਾਂ ਵੱਲੋਂ ਖਿਡਾਰੀਆਂ ਨਾਲ ਜਾਣ ਪਹਿਚਾਣ ਵੀ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਆਏ ਤਾਰਾ ਸਿੰਘ ਔਲਖ ਨੇ ਖਿਡਾਰੀਆਂ ਨੂੰ ਨੈਸ਼ਨਲ ਪੱਧਰ ’ਤੇ ਜਾਣ ਲਈ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਅਤੇ ਕਿਹਾ ਕਿ ਜੇਤੂ ਟੀਮਾਂ ਦੇ ਵਧੀਆ ਖਿਡਾਰੀਆਂ ਨੂੰ ਪੰਜਾਬ ਪੱਧਰ ’ਤੇ ਹੋਣ ਵਾਲੇ ਟੂਰਨਾਮੈਂਟ ਲਈ ਸਲੈਕਟ ਕੀਤਾ ਜਾਵੇਗਾ। ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਉਪਲ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਛੇ ਟੀਮਾਂ ਨੇ ਭਾਗ ਲਿਆ। ਜਿਸ ਵਿੱਚ ਪਹਿਲੇ ਨੰਬਰ ’ਤੇ ਆਉਣ ਵਾਲੀ ਟੀਮ ਨੂੰ 15 ਹਜ਼ਾਰ ਰੁਪਏ ਦਾ ਇਨਾਮ, ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੁੰ 51 ਸੌ ਰੁਪਏ ਅਤੇ ਤੀਸਰੇ ਨੰਬਰ ’ਤੇ ਆਉਣ ਵਾਲੀ ਟੀਮ ਨੂੰ 31 ਸੌ ਰੁਪਏ ਇਨਾਮ ਵਜੋਂ ਦਿੱਤੇ ਗਏ। ਅਖੀਰਲੇ ਦਿਨ ਫਾਈਨਲ ਮੈਚ ਡੀ.ਸੀ.ਏ. ਤੇ ਯੰਗ ਸਟਾਰ ਦੀਆਂ ਟੀਮਾਂ ਵਿਚਕਾਰ ਹੋਇਆ ਜਿਸ ਵਿੱਚ ਡੀ.ਸੀ.ਏ. ਦੀ ਟੀਮ ਨੇ ਪਹਿਲਾ ਸਥਾਨ, ਯੰਗ ਸਟਾਰ ਨੇ ਦੂਸਰਾ ਸਥਾਨ ਅਤੇ ਫਰੈਂਡਜ ਕਲੱਬ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੇਤੂ ਟੀਮਾਂ ਨੂੰ ਭਾਜਪਾ ਜ਼ਿਲ੍ਹਾ ਇੰਚਾਰਜ ਜਤਿੰਦਰ ਕਾਲੜਾ ਅਤੇ ਐਸ.ਐਸ.ਪੀ. ਬਰਨਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਟਰਾਫੀਆਂ ਤੇ ਇਨਾਮ ਦਿੱਤੇ। ਇਸ ਮੌਕੇ ਯੁਵਾ ਮੋਰਚਾ ਦੇ ਤਜਿੰਦਰ ਲਾਡੀ, ਦੀਪਕ ਸ਼ਰਮਾ, ਸ਼ਮਸ਼ੇਰ ਸਿੰਘ ਭੰਡਾਰੀ ਜਰਲਨ ਸਕੱਤਰ, ਪ੍ਰਵੀਨ ਬਾਂਸਲ ਜ਼ਿਲ੍ਹਾ ਜਰਨਲ ਸਕੱਤਰ, ਮੈਡਮ ਸ਼ਾਲੂ, ਮੈਡਮ ਪੂਨਮ ਰਾਣੀ, ਸੰਸਾਰੀ ਲਾਲ, ਪ੍ਰੇਮ ਪ੍ਰੀਤਮ ਜਿੰਦਲ, ਸੋਹਣ ਮਿੱਤਲ, ਡਿੰਪਲ ਗਰਗ ਅਤੇ ਪ੍ਰੇਮ ਸੇਠਾ ਆਦਿ ਭਾਰੀ ਗਿਣਤੀ ਵਿੱਚ ਯੁਵਾ ਮੋਰਚਾ ਦੇ ਵਰਕਰ ਸ਼ਾਮਿਲ ਸਨ।