June 23, 2026 5:51 pm

ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ ਮਨਾਇਆ

image ਅੰਮ੍ਰਿਤਸਰ, 14 ਜਨਵਰੀ (ਮਨਿੰਦਰ ਸਿੰਘ ਗੋਰੀ)- ਆਨੰਦ ਐਵੀਨਿਊ ਵੈਲਫੇਅਰ ਐਸੋਸੀਏਸ਼ਨ ਅੰਮ੍ਰਿਤਸਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸਮਾਗਮ ਦੀ ਜਾਣਕਾਰੀ ਦਿੰਦਿਆਂ ਸਟੇਜ ਸੈਕਟਰੀ ਭਾਈ ਜਸਵਿੰਦਰ ਸਿੰਘ ਸਿਵਲ ਲਾਈਨ ਵਾਲਿਆਂ ਨੇ ਦੱਸਿਆ ਕਿ ਸਮਾਗਮ ਦੀ ਆਰੰਭਤਾ ਜਪੁਜੀ ਸਾਹਿਬ ਅਤੇ ਚੌਪਈ ਸਾਹਿਬ ਜੀ ਦੇ ਸੰਗਤ ਰੂਪੀ ਪਾਠਾਂ ਨਾਲ ਕੀਤੀ ਗਈ ਉਪਰੰਤ ਸਿਵਲ ਲਾਈਨ ਦੀਆਂ ਬੀਬੀਆਂ ਦੇ ਜੱਥੇ ਨੇ ਅਤੇ ਫਿਰ ਭਾਈ ਗੁਰਇਕਬਾਲ ਸਿੰਘ ਜੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਾਲਿਆਂ ਦੇ ਜੱਥੇ ਨੇ ਸੰਗਤਾਂ ਵਿੱਚ ਕੀਰਤਨ ਦੀ ਹਾਜ਼ਰੀ ਲਗਾਈ। ਉਹਨਾਂ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਵਡਿਆਈਆਂ ਦੇ ਗੁਣ ਗਾਏ। ਇਤਿਹਾਸ ਦੱਸਦਿਆਂ ਭਾਈ ਸਾਹਿਬ ਜੀ ਨੇ ਦੱਸਿਆ ਕਿ ਕਲਗੀਧਰ ਨੇ ਕਿਵੇਂ ਪੰਥ ਦੀ ਖਾਤਿਰ ਚਾਰੋਂ ਲਾਲ ਸ਼ਹੀਦ ਕਰਵਾ ਅਤੇ ਕਿਹਾ ਕਿ ਪੰਥ ਵਸੇ ਮੈਂ ਉਜੜਾਂ। ਭਾਈ ਸਾਹਿਬ ਜੀ ਨੇ ਕਿਹਾ ਕਿ ਅੰਮ੍ਰਿਤ ਛਕੋ ਅਤੇ ਕਲਗੀਧਰ ਦੇ ਪੁੱਤਰ-ਪੁਤਰੀਆਂ ਹੋਣ ਦਾ ਮਾਣ ਮਹਿਸੂਸ ਕਰੋ। 26 ਜਨਵਰੀ ਨੂੰ ਗੁ. ਸ਼ਹੀਦ ਗੰਜ (ਸ਼ਹੀਦਾਂ ਸਾਹਿਬ) ਵਿਖੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਜਿੰਨਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ ਉਹ ਭਲਾਈ ਕੇਂਦਰ ਜਾ ਕੇ ਆਪਣਾ ਨਾਮ ਜ਼ਰੂਰ ਲਿਖਵਾਉਣ ਅਤੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਨਣ। ਸਮਾਗਮ ਵਿੱਚ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਨੇ ਵੀ ਸੰਗਤਾਂ ਦੇ ਦਰਸ਼ਨ ਕੀਤੇ। ਭਾਈ ਸਾਹਿਬ ਜੀ ਨੇ ਉਹਨਾਂ ਨੂੰ ਸਿਰੋਪਾ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।