June 26, 2026 12:19 pm

ਬਾਜਵਾ, ਡਰੱਗ ਸਰਗਨਿਆਂ ਦਾ ਸਿਆਸੀ ਚਿਹਰਾ : ਸ਼੍ਰੋਮਣੀ ਅਕਾਲੀ ਦਲ

ਕਾਂਗਰਸ ਸਿਆਸੀ ਰਾਹ ਫੜ੍ਹ ਕੇ ਡਰੱਗ ਸਰਗਨਿਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ’ਚ
image ਚੰਡੀਗੜ੍ਹ, 13 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਆਪਣੀ ਹੋਰ ਪਰਤਾਂ ਖੁਲ੍ਹਣ ਤੋਂ ਡਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਆਪਣੇ ਸਿਆਸੀ ਸੰਪਰਕ ਵਰਤ ਕੇ ਡਰੱਗ ਸਰਗਨੇ ਜਗਦੀਸ਼ ਸਿੰਘ ਭੋਲਾ ਨੂੰ ਬਚਾਉਣ ਦੀਆਂ ਨਿਰੰਤਰ ਕੋਸ਼ਿਸ਼ਾਂ ਕਰ ਰਿਹਾ ਹੈ। ਇਥੇ ਪ੍ਰੈਸ ਕਾਨਫ਼ਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ, ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਸ. ਬਲਵਿੰਦਰ ਸਿੰਘ ਭੂੰਦੜ, ਜਨਰਲ ਸਕੱਤਰ ਤੇ ਮੁੱਖ ਮੰਤਰੀ ਦੇ ਸਲਾਹਕਾਰ ਸ. ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਪਾਰਟੀ ਦੇ ਬੁਲਾਰੇ, ਸਕੱਤਰ ਅਤੇ ਵਿਧਾਇਕ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਬਾਜਵੇ ਵਰਗੇ ਅਜਿਹੇ ਵਿਅਕਤੀ ਰਾਹੀਂ ਬਿਆਨਬਾਜ਼ੀ ਕਰ ਰਹੀ ਹੈ, ਜੋ ਖ਼ਤਰਨਾਕ ਮਾਫ਼ੀਆ ਦੇ ਖੂੰਖਾਰ ਸਰਗਨਿਆਂ ਅਤੇ ਉਨ੍ਹਾਂ ਦੇ ਚਾਟੜਿਆਂ ਦੇ ਕਾਨੂੰਨੀ ਬਚਾਅ ਅਤੇ ਉਨ੍ਹਾਂ ਦੇ ਸਮਾਜਕ ਸਤਿਕਾਰ ਲਈ ਉਨ੍ਹਾਂ ਦਾ ਸਿਆਸੀ ਪਿਤਾਮਾ ਬਣਿਆ ਹੋਇਆ ਹੈ ਅਤੇ ਨਸ਼ਾ-ਅਤਿਵਾਦ ਨਾਲ ਬਾਜਵਾ ਦੇ ਸਬੰਧ ਉਸ ਦੀ ਆਪਣੀ ਪਾਰਟੀ ਦੇ ਹੀ ਸੀਨੀਅਰ ਆਗੂਆਂ ਦੀ ਹੀ ਦੇਣ ਹਨ। ਉਨ੍ਹਾਂ ਕਿਹਾ ਕਿ ਇਸੇ ਲਈ ਸ਼੍ਰੋਮਣੀ ਅਕਾਲੀ ਦਲ, ਭੋਲਾ, ਕਾਂਗਰਸ ਅਤੇ ਬਾਜਵਾ ਵੱਲੋਂ ਇੱਕੋ ਰਾਗ ਅਲਾਪਣ ਤੋਂ ਹੈਰਾਨ ਨਹੀਂ।
ਕਾਂਗਰਸ ਪ੍ਰਧਾਨ ਵਿਰੁਧ ਮੋਰਚਾ ਖੋਲ੍ਹਦਿਆਂ ਅਕਾਲੀ ਆਗੂਆਂ ਨੇ ਕਿਹਾ, ‘‘ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਜਿਸ ਕਾਰਨ ਬਾਜਵੇ ਦੇ ਭਰਾ ਦੀ ਤਫ਼ਤੀਸ਼ ਕਰਨ ਜ਼ਰੂਰੀ ਬਣੀ, ਸਾਬਕਾ ਪੁਲਿਸ ਮੁਖੀ ਕੇ.ਪੀ.ਐਸ. ਗਿੱਲ ਨੂੰ ਮਾਰਨ ਦੀ ਸਾਜ਼ਿਸ਼, ਗੁਜਰਾਤ ਦੇ ਬਦਨਾਮ ਕਾਲ-ਗਰਲ ਕਾਂਡ ’ਚ ਸ਼ਮੂਲੀਅਤ, ਲੁੱਕ ਜਿਹੇ ਵੱਡੇ ਸਰਕਾਰੀ ਘਪਲਿਆਂ, ਜ਼ਮੀਨ ਦੱਬਣ, ਡਰੱਗ ਸਰਗਨਿਆਂ ਨੂੰ ਸਿੱਧੀ ਹਮਾਇਤ ਦੇਣ ਅਤੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਪੱਤਰ ਮੁਤਾਬਕ ਅਤਿਵਾਦੀਆਂ ਨਾਲ ਸਬੰਧ ਹੋਣ ਸਣੇ ਅਜਿਹੇ ਕਈ ਖ਼ਤਰਨਾਕ ਅਪਰਾਧਾਂ ’ਚ ਬਾਜਵੇ ਦਾ ਸਿੱਧਾ-ਅਸਿੱਧਾ ਸਬੰਧ ਜੁੜਿਆ ਰਿਹਾ ਹੈ ਪਰ ਇਸ ਸਭ ਦੇ ਬਾਵਜੂਦ ਕਾਂਗਰਸ ਪਾਰਟੀ ਨੇ ਅਜਿਹੇ ਸ਼ਖ਼ਸ ਨੂੰ ਚੁਣਿਆ।
ਪੰਜਾਬ ਸਰਕਾਰ ਵੱਲੋਂ ਭੋਲੇ ਦੀ ਪੈੜ ਨੱਪਣ ਮੌਕੇ, ਕਾਂਗਰਸ ਵੱਲੋਂ ਭੋਲੇ ਨੂੰ ਸੂਬੇ ਵਿੱਚ ਅਤੇ ਸੂਬੇ ਤੋਂ ਬਾਹਰ ਮਿਲ ਰਹੀ ਸਿਆਸੀ ਪੁਸ਼ਤਪਨਾਹੀ ਦੇ ਪੁਖ਼ਤਾ ਸਬੂਤਾਂ ਬਾਰੇ ਦੱਸਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਸਾਲ 2001 ’ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੌਰਾਨ ਪੁਲਿਸ ਨੇ ਭੋਲੇ ਨੂੰ ਪਹਿਲੀ ਵਾਰ ਰਾਮਪੁਰਾ ਫੂਲ ਵਿਖੇ ਭੁੱਕੀ ਦੇ ਭਰੇ ਟਰੱਕ ਸਣੇ ਕਾਬੂ ਕੀਤਾ ਪਰ ਜਿਉਂ ਹੀ 2002 ’ਚ ਕਾਂਗਰਸ ਦੀ ਸਰਕਾਰ ਆਈ ਜਿਸ ਵਿੱਚ ਬਾਜਵਾ ਨੂੰ ਅਹਿਮ ਮੰਤਰੀ ਦਾ ਅਹੁਦਾ ਮਿਲਿਆ ਤਾਂ ਭੋਲੇ ਨੂੰ ਰਿਹਾਅ ਕਰ ਦਿੱਤਾ ਗਿਆ ਜਦ ਕਿ ਉਸੇ ਸਾਲ ਭੋਲੇ ਨੂੰ ਮੁੰਬਈ ਵਿਖੇ 26 ਕਿੱਲੋ ਹੈਰੋਇਨ ਸਣੇ ਦਬੋਚਿਆ ਗਿਆ। ਉਹ ਅਬੂ ਸਲੇਮ ਜਿਹੇ ਖ਼ਤਰਨਾਕ ਅਪਰਾਧੀਆਂ ਨਾਲ ਜੇਲ ਦੀਆਂ ਸਲਾਖ਼ਾਂ ’ਚ ਰਿਹਾ। ਉਦੋਂ ਵੀ ਉਸ ਨੂੰ ਮਹਾਰਾਸ਼ਟਰ ਦੀ ਕਾਂਗਰਸ ਸਰਕਾਰ ਨੇ ਛੱਡਿਆ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਅਧੀਨ ਪੰਜਾਬ ਪੁਲਿਸ ਨੇ ਕਰੀਬ 11 ਮਹੀਨਿਆਂ ਦੀ ਸਖ਼ਤ ਭਾਲ ਪਿੱਛੋਂ ਉਸ ਨੂੰ ਕਾਬੂ ਕੀਤਾ।
ਸੀ.ਬੀ.ਆਈ. ਦੀ ਭਰੋਸੇਯੋਗਤਾ ’ਤੇ ਸਵਾਲ ਖੜਾ ਕਰਦਿਆਂ ਅਕਾਲੀ ਆਗੂਆਂ ਨੇ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਾਉਣ ਦੀ ਨਿਰੰਤਰ ਮੰਗ ਕਰ ਰਹੇ ਬਾਜਵੇ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਸੰਗੀਨ ਅਪਰਾਧੀ ਭੋਲੇ ਦੀਆਂ ਇੱਛਾਵਾਂ ਦੀ ਪੂਰਤੀ ਲਈ ਸੀ.ਬੀ.ਆਈ. ਜਾਂਚ ਮੰਗ ਕਰ ਰਿਹਾ ਬਾਜਵਾ ਇਹ ਸਮਝ ਲਵੇ ਕਿ ਸੁਪਰੀਮ ਕੋਰਟ ਵੱਲੋਂ ਸੀ.ਬੀ.ਆਈ. ਨੂੰ ‘‘ਪਿੰਜਰੇ ’ਚ ਬੰਦ ਤੋਤਾ’’ ਕਹਿਣ ਪਿੱਛੋਂ ਸੀ.ਬੀ.ਆਈ. ਦੀ ਭਰੋਸੇਯੋਗਤਾ ’ਤੇ ਹੋਰ ਟਿੱਪਣੀ ਕਰਨ ਦਾ ਲੋੜ ਨਹੀਂ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਚੋਣਾਂ ਦੌਰਾਨ ਆਪਣੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਹਮੇਸ਼ਾ ਸੀ.ਬੀ.ਆਈ. ਨੂੰ ਵਰਤਣ ਦੀ ਆਦੀ ਰਹੀ ਹੈ। ਇਸ ਤੋਂ ਇਲਾਵਾ ਕਾਂਗਰਸ ਸਰਕਾਰ ਸੀ.ਬੀ.ਆਈ. ਨੂੰ ਭੋਲੇ ਜਿਹੇ ਆਪਣੇ ਹਥਠੋਕਿਆਂ ਨੂੰ ਬਚਾਉਣ ਲਈ ਵੀ ਨਿਰੰਤਰ ਵਰਤਦੀ ਹੈ। ਇਸ ਲਈ ਕਾਂਗਰਸ ਵੱਲੋਂ ਸੀ.ਬੀ.ਆਈ. ਜਾਂਚ ਦੀ ਮੰਗ ਕਰਨਾ ਨਾ ਤਾਂ ਹੈਰਾਨੀ ਦੀ ਗੱਲ ਹੈ ਅਤੇ ਨਾ ਹੀ ਨਵੀਂ ਗੱਲ।
ਅਕਾਲੀ ਆਗੂਆਂ ਨੇ ਕਿਹਾ ਕਿ ਬਾਜਵਾ ਨਿੱਜੀ ਕਾਰਨਾਂ ਅਤੇ ਨਿੱਜੀ ਮੁਫ਼ਾਦਾਂ ਤੋਂ ਪ੍ਰੇਰਤ ਹੋ ਕੇ ਸੀ.ਬੀ.ਆਈ. ਜਾਂਚ ਮੰਗ ਰਿਹਾ ਹੈ ਕਿਉਂ ਜੋ ਉਸ ਨੂੰ ਡਰ ਹੈ ਕਿ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਕਿਸੇ ਵੀ ਜਾਂਚ ਵਿੱਚ ਉਹ ਸਿੱਧੇ ਤੌਰ ’ਤੇ ਫਸਦਾ ਹੈ। ਅੰਡਰਵਰਲਡ ਦੇ ਆਪਣੇ ਸਾਥੀਆਂ ਨੂੰ ਬਚਾਉਣ ਵਿੱਚ ਸਿਆਸੀ ਪੁਸ਼ਤਪਨਾਹੀ ਦੇਣ ਵਿੱਚ ਬਾਜਵਾ ਦਾ ਵੱਡਾ ਹੱਥ ਹੈ। ਬਾਜਵਾ ਜਾਣਦਾ ਹੈ ਕਿ ਜੇ ਭੋਲੇ ਦੀ ਮਦਦ ਨਾ ਕੀਤੀ ਤਾਂ ਭੋਲਾ, ਡਰੱਗ ਕਾਰੋਬਾਰ ’ਚ ਬਾਜਵੇ ਦੀ ਸ਼ਮੂਲੀਅਤ ਦੇ ਸਾਰੇ ਕੱਚੇ ਚਿੱਠੇ ਖੋਲ੍ਹ ਦੇਵੇਗਾ।
ਜਗਦੀਸ਼ ਸਿੰਘ ਭੋਲੇ ਵੱਲੋਂ ਸ. ਬਿਕਰਮ ਸਿੰਘ ਮਜੀਠੀਆ ’ਤੇ ਲਾਏ ਦੋਸ਼ਾਂ ਦੇ ਹੱਕ ’ਚ ਕਾਂਵਾਂ-ਰੌਲੀ ਪਾ ਰਹੇ ਬਾਜਵਾ ਦਾ ਮਜ਼ਾਕ ਉਡਾਉਂਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਡਰੱਗ ਅਪਰਾਧਾਂ ਨੂੰ ਨਜਿੱਠਣ ਵਾਲੀਆਂ ਚਾਰ ਵੱਖੋ-ਵੱਖ ਕੇਂਦਰੀ ਏਜੰਸੀਆਂ ਭੋਲੇ ਤੋਂ ਤਫ਼ਤੀਸ਼ ਕਰ ਰਹੀਆਂ ਹਨ ਅਤੇ ਕਿਸੇ ਦੀ ਵੀ ਤਫ਼ਤੀਸ਼ ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੇ ਕਿਸੇ ਵੀ ਸ਼ਖ਼ਸ ਦਾ ਨਾਂ ਨਹੀਂ ਆਇਆ। ਤਾਂ ਯਕਲਖ਼ਤ, ਆਪਣੇ ਸਿਆਸੀ ਪਿਤਾਮਾ ਬਾਜਵੇ ਦੇ ਇਸ਼ਾਰੇ ’ਤੇ ਭੋਲੇ ਨੇ ਸ. ਮਜੀਠੀਆ ਦਾ ਨਾਂ ਲੈ ਦਿੱਤਾ। ਉਨ੍ਹਾਂ ਕਿਹਾ ਕਿ ਬਾਜਵਾ ਸੋਚਦਾ ਹੈ ਕਿ ਉਸ ਦਾ ਜਾਲ ਕੰਮ ਕਰੇਗਾ ਕਿਉਂ ਜੋ ਸ. ਮਜੀਠੀਆ ਮੰਤਰੀ ਹੋਣ ਦੇ ਨਾਲ-ਨਾਲ ਉਪ ਮੁੱਖ ਮੰਤਰੀ ਦੇ ਰਿਸ਼ਤੇਦਾਰ ਵੀ ਹਨ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਦਾ ਜ਼ਿੰਮਾ ਹੈ। ਉਨ੍ਹਾਂ ਕਿਹਾ ਕਿ ਬਾਜਵਾ, ਸ. ਮਜੀਠੀਆ ਦਾ ਇਸ ਲਈ ਵੀ ਵਿਰੋਧ ਕਰ ਰਿਹਾ ਹੈ ਕਿਉਂ ਜੋ ਸ. ਮਜੀਠੀਆ ਨੇ ਬਾਜਵੇ ਦਾ ਸ਼ਾਮਲਾਤ ਦੱਬਣ ਦਾ ਮਾਮਲਾ ਸੁਰਖ਼ੀਆਂ ’ਚ ਲਿਆਂਦਾ ਸੀ ਪਰ ਇਹ ਬਾਜਵਾ ਦੀ ਬਦਕਿਸਮਤੀ ਹੈ ਕਿ ਪੰਜਾਬ ਦੇ ਨੌਜਵਾਨਾਂ ’ਚ ਨਸ਼ਿਆਂ ’ਚ ਧੱਕ ਕੇ ਉਨ੍ਹਾਂ ਨੂੰ ਬਰਬਾਦ ਲਈ ਜ਼ਿੰਮੇਵਾਰ ਭੋਲੇ ’ਤੇ ਕੋਈ ਵੀ ਭਰੋਸਾ ਨਹੀਂ ਕਰ ਰਿਹਾ।
ਆਗੂਆਂ ਨੇ ਕਿਹਾ ਕਿ ਆਪਣੇ ਸਿਆਸੀ ਆਕਾਵਾਂ ਤੋਂ ਮਿਲੇ ਨਿਰਦੇਸ਼ਾਂ ਮੁਤਾਬਕ ਭੋਲੇ ਨੇ ਕਈ ਚਾਲਾਂ ਚਲਣ ਦੀਆਂ ਕੋਸ਼ਿਸ਼ਾਂ ਕੀਤੀਆਂ। ਪੁਲਿਸ ਨੂੰ ਰਿਸ਼ਵਤ ਦੇਣ ਦੀ ਅਸਫ਼ਲ ਕੋਸ਼ਿਸ਼ ਪਿੱਛੋਂ ਉਸ ਨੇ ਪੁਲਿਸ ’ਤੇ ਦੋਸ਼ ਲਾਇਆ ਕਿ ਉਸ ਤੋਂ 25 ਕਰੋੜ ਰੁਪਏ ਲੈਣ ਦਾ ਦੋਸ਼ ਲਾਇਆ ਅਤੇ ਉਮੀਦ ਜਤਾਈ ਕਿ ਸੂਬਾ ਸਰਕਾਰ ਤਫ਼ਤੀਸ਼ ਨੂੰ ਬਦਲ ਦੇਵੇਗੀ ਅਤੇ ਉਹ ਬਚ ਜਾਵੇਗਾ। ਜਦੋਂ ਇਹ ਕੋਸ਼ਿਸ਼ ਨਾਕਾਮ ਹੋਈ ਤਾਂ ਭੋਲੇ ਨੇ ਆਪਣੇ ਆਕਾਵਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੇ ਮੰਤਰੀਆਂ ਦਾ ਨਾਂ ਲੈਣ ਸ਼ੁਰੂ ਕਰ ਦਿੱਤਾ ਤਾਂ ਜੋ ਮਾਮਲੇ ਨੂੰ ਸਿਆਸੀ ਰੰਗਤ ਦਿੱਤੀ ਜਾ ਸਕੇ ਅਤੇ ਸਿਆਸੀ ਰਸਤੇ ਰਾਹੀਂ ਬਚਿਆ ਜਾ ਸਕੇ।
ਇਹ ਸੰਜੋਗ ਦੀ ਗੱਲ ਹੈ ਕਿ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਜਨਤਕ ਹਿੱਤ ਪਟੀਸ਼ਨ ਪਾ ਕੇ ਸੀ.ਬੀ.ਆਈ. ਜਾਂਚ ਦੀ ਮੰਗ ਕਰ ਰਹੇ ਹਨ ਅਤੇ ਉਸ ਦਿਨ ਹੀ ਭੋਲਾ ਪ੍ਰੈਸ ਵਿੱਚ ਸ. ਬਿਕਰਮ ਸਿੰਘ ਮਜੀਠੀਆ ਖਿਲਾਫ ਸੀ.ਬੀ.ਆਈ. ਜਾਂਚ ਦੀ ਮੰਗ ਕਰਨ ਦਾ ਬਿਆਨ ਦੇ ਰਿਹਾ ਹੈ। ਇਸ ਬਿਆਨ ਤੋਂ ਕੁਝ ਘੰਟਿਆਂ ਬਾਅਦ ਹੀ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸ. ਬਾਜਵਾ ਨੇ ਵੀ ਇਸ ਮਾਮਲੇ ਵਿੱਚ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ। ਇਸ ਸਾਰੇ ਘਟਨਾਕ੍ਰਮ ਨੇ ਭੋਲਾ ਨੂੰ ਡਰੱਗ ਅੰਡਰਵਰਲਡ ਨਾਲ ਆਪਣੇ ਰਿਸ਼ਤੇ ਛੁਪਾਉਣ ਦਾ ਮੌਕਾ ਦਿੱਤਾ।
ਉਨ੍ਹਾਂ ਕਿਹਾ ਕਿ ਸ. ਬਾਜਵਾ ਵੱਲੋਂ ਸ. ਮਜੀਠੀਆ ਖਿਲਾਫ ਲਾਏ ਸਾਰੇ ਦੋਸ਼ ਬੇਤੁਕੇ ਅਤੇ ਕਚਘਰੜ ਹਨ ਜੋ ਸਿਆਸੀ ਮੁਫਾਦਾਂ ਤੋਂ ਪ੍ਰੇਰਿਤ ਹਨ। ਉਨ੍ਹਾਂ ਕਿਹਾ ਕਿ ਬਾਜਵਾ ਆਪਣੇ ਦੋਸ਼ ਛੁਪਾਉਣ ਲਈ ਇਸ ਤਰ੍ਹਾਂ ਦੀ ਬੇਤੁਕੀ ਬਿਆਨਬਾਜ਼ੀ ਕਰਕੇ ਖੁਦ ਨੂੰ ਪਾਕ ਸਾਬਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭੋਲਾ-ਬਾਜਵਾ ਪ੍ਰਕਣ ਨੇ ਇਨ੍ਹਾਂ ਦੇ ਅਕਸ ਨੂੰ ਨਿਰਵਸਤਰ ਕਰ ਦਿੱਤਾ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਪਹਿਲਾਂ ਕਾਂਗਰਸ ਪਾਰਟੀ ਅਤਿਵਾਦ ਦੌਰਾਨ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਬਰਬਾਦ ਕਰਨ ਦੀ ਦੋਸ਼ੀ ਹੈ ਅਤੇ ਹੁਣ ਡਰੱਗ ਨਾਲ ਇਨ੍ਹਾਂ ਨੂੰ ਤਬਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸ ਰਾਜ ਦੀ ਅਕਾਲੀ-ਭਾਜਪਾ ਸਰਕਾਰ ਰਾਜ ਅਤੇ ਇਸ ਦੇ ਨੌਜਵਾਨਾਂ ਨੂੰ ਡਰੱਗ ਮੁਕਤ ਕਰਕੇ ਸਿਹਤਮੰਦ ਪੰਜਾਬ ਸਿਰਜਣ ਲਈ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੀ ਅਗਵਾਈ ਵਾਲੇ ਦੋ ਸਾਲਾਂ ਦੇ ਮੁਕਾਬਲੇ ਕਾਂਗਰਸ ਦੀ ਅਗਵਾਈ ਦੇ ਪੰਜ ਸਾਲਾਂ ਦੌਰਾਨ ਨਸ਼ਿਆਂ ਖਿਲਾਫ਼ ਛੇ ਗੁਣਾਂ ਜ਼ਿਆਦਾ ਕੇਸ ਦਰਜ ਕੀਤੇ ਗਏ ਹਨ।
ਸਾਲ 2002-06 (5 ਸਾਲ) ਵਿੱਚ 19,501 ਦਰਜ ਕੇਸਾਂ ਵਿੱਚ 22,938 ਗ੍ਰਿਫ਼ਤਾਰੀਆਂ ਹੋਈਆਂ ਜਦ ਕਿ 111 ਕਿੱਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ, ਜਿਸ ਅਨੁਸਾਰ ਪ੍ਰਤੀ ਸਾਲ ਜ਼ਬਤ ਕੀਤੀ ਗਈ ਹੈਰੋਇਨ 22 ਕਿੱਲੋਗ੍ਰਾਮ ਬਣਦੀ ਹੈ। ਇਸੇ ਤਰ੍ਹਾਂ 2007-11 (5 ਸਾਲ) ਵਿੱਚ 26,560 ਦਰਜ ਕੇਸਾਂ ਵਿੱਚ 30,442 ਗ੍ਰਿਫ਼ਤਾਰੀਆਂ ਹੋਈਆਂ ਜਦ ਕਿ 848 ਕਿੱਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ, ਜਿਸ ਅਨੁਸਾਰ ਪ੍ਰਤੀ ਸਾਲ ਜ਼ਬਤ ਕੀਤੀ ਗਈ ਹੈਰੋਇਨ 170 ਕਿੱਲੋਗ੍ਰਾਮ ਬਣਦੀ ਹੈ। ਜਦ ਕਿ ਸਾਲ 2012-13 (2 ਸਾਲ) ਵਿੱਚ 24,874 ਦਰਜ ਕੇਸਾਂ ਵਿੱਚ 28,536 ਗ੍ਰਿਫ਼ਤਾਰੀਆਂ ਹੋਈਆਂ ਜਦ ਕਿ 695 ਕਿੱਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ, ਜਿਸ ਅਨੁਸਾਰ ਪ੍ਰਤੀ ਸਾਲ ਜ਼ਬਤ ਕੀਤੀ ਗਈ ਹੈਰੋਇਨ 347 ਕਿੱਲੋਗ੍ਰਾਮ ਬਣਦੀ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਸਾਡੀ ਸਰਕਾਰ ਦੀ ਡਰੱਗ ਖਿਲਾਫ਼ ਜੰਗ ਜਾਰੀ ਰਹੇਗੀ ਜਿਸ ਨੂੰ ਬਾਜਵਾ ਵਰਗੇ ਵਿਅਕਤੀ ਰੋਕ ਨਹੀਂ ਸਕਦੇ। ‘ਸਾਨੂੰ ਇਸ ਵਚਨਬੱਧਤਾ ਤੋਂ ਕੋਈ ਨਹੀਂ ਰੋਕ ਸਕਦਾ।’ ਉਨ੍ਹਾਂ ਕਿਹਾ ਕਿ ਉਹ ਡਰੱਗ ਮਾਫੀਆ ਦੇ ਰਾਜਸੀ ਗੁਰੂਆਂ ਨੂੰ ਨਹੀਂ ਬਲਕਿ ਇਸ ਰਾਜ ਦੇ ਲੱਖਾਂ ਲੋਕਾਂ, ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਅਤੇ ਪਿਤਾ ਨੂੰ ਜਵਾਬਦੇਹ ਹਨ। ਅਸੀਂ ਜਾਣਦੇ ਹਾਂ ਕਿ ਡਰੱਗ ਕਿਸ ਤਰ੍ਹਾਂ ਨੌਜਵਾਨਾਂ ਨੂੰ ਬਰਬਾਦ ਕਰ ਰਹੀ ਹੈ। ਅਸੀਂ ਉਨ੍ਹਾਂ ਦੇ ਮਾਪਿਆਂ ਪ੍ਰਤੀ ਜਵਾਬਦੇਹ ਹਾਂ। ਅਕਾਲੀ ਆਗੂਆਂ ਨੇ ਕਿਹਾ ਕਿ ਬਾਜਵਾ ਇਸ ਵਚਨਬੱਧਤਾ ਦਾ ਹੱਕਦਾਰ ਨਹੀਂ ਹੈ।

Send this to a friend