June 26, 2026 8:08 am

ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਭਾਜਪਾ ਜਿਸ ਨੂੰ ਮੈਦਾਨ ਵਿੱਚ ਉਤਾਰੇਗੀ ਅਕਾਲੀ ਦਲ ਡਟਵਾਂ ਸਾਥ ਦੇਵੇਗਾ : ਸੁਖਬੀਰ ਬਾਦਲ

image ਅੰਮ੍ਰਿਤਸਰ, 12 ਜਨਵਰੀ (ਮਨਿੰਦਰ ਗੋਰੀ)-‘ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਜਿਸ ਵੀ ਉਮੀਦਵਾਰ ਨੂੰ ਮੈਦਾਨ ਵਿਚ ਉਤਾਰੇਗੀ, ਅਕਾਲੀ ਦਲ ਉਸ ਦਾ ਸਾਥ ਦੇਵੇਗਾ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਸਥਾਨਕ ਕਿਚਲੂ ਚੌਕ ਵਿਖੇ 20 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਨਵੇਂ ਪੁੱਲ ਦਾ ਉਦਘਾਟਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀਤਾ। ਇਸ ਸੀਟ ਤੋਂ ਉਮੀਦਵਾਰ ਸਬੰਧੀ ਲੱਗ ਰਹੀਆਂ ਕਿਆਸ-ਅਰਾਈਆਂ ਬਾਰੇ ਕੀਤੇ ਗਏ ਸਵਾਲ ਦਾ ਉਤਰ ਦਿੰਦੇ ਸ. ਬਾਦਲ ਨੇ ਕਿਹਾ ਕਿ ਇਹ ਸੀਟ ਭਾਜਪਾ ਦੇ ਹਿੱਸੇ ਹੈ ਅਤੇ ਉਹ ਹੀ ਇਸ ਬਾਰੇ ਕੁੱਝ ਦੱਸ ਸਕਦੇ ਹਨ। ਆਮ ਆਦਮੀ ਪਾਰਟੀ ਬਾਰੇ ਗੱਲ ਕਰਦੇ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਹੁਣ ਲਾਗੂ ਕੀਤੇ ਗਏ ਲੋਕ ਭਲਾਈ ਦੇ ਪ੍ਰੋਗਰਾਮ ਅਤੇ ਜਨਤਾ ਦੀਆਂ ਸ਼ਿਕਾਇਤਾਂ ਸੁਣਨ ਲਈ ਲਗਾਏ ਜਾ ਰਹੇ ਖੁੱਲੇ ਦਰਬਾਰ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਿਛਲੇ ਕਰੀਬ 20 ਅਰਸੇ ਤੋਂ ਚਲਾਏ ਜਾ ਰਹੇ ਹਨ। ਪੰਜਾਬ ਵਿਚ ਕਿਸਾਨਾਂ ਅਤੇ ਗਰੀਬ ਲੋਕਾਂ ਨੂੰ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਅਤੇ ਹੋਰ ਮੰਤਰੀ ਸਾਹਿਬਾਨ ਸੰਗਤ ਦਰਸ਼ਨ ਲਗਾ ਕੇ ਲੰਮੇ ਅਰਸੇ ਤੋਂ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰ ਰਹੇ ਹਨ। ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਪ੍ਰਾਜੈਕਟਾਂ ਬਾਰੇ ਬੋਲਦੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰ ਦੀ ਨੁਹਾਰ ਬਦਲਣਾ ਮੇਰਾ ਟੀਚਾ ਹੈ ਅਤੇ ਇਸ ਵਿਚ ਕਿਸੇ ਤਰਾਂ ਦੀ ਢਿੱਲ-ਮੱਠ ਨਹੀਂ ਵਰਤੀ ਜਾ ਰਹੀ।
ਸ਼ਹਿਰ ਵਿਚ ਸ਼ੁਰੂ ਹੋਣ ਵਾਲੇ ਪੌਡ ਸਿਸਟਮ ਬਾਰੇ ਬੋਲਦੇ ਸ. ਬਾਦਲ ਨੇ ਸਪੱਸ਼ਟ ਕੀਤਾ ਕਿ ਤਕਨੀਕੀ ਸਮੱਸਿਆ ਆ ਜਾਣ ਕਾਰਨ ਇਸ ਪ੍ਰਾਜੈਕਟ ਦਾ ਕੰਮ ਫਿਲਹਾਲ ਰੁਕਿਆ ਹੈ ਅਤੇ ਇਸ ਸਬੰਧੀ ਢੁਕਵਾਂ ਬਦਲ ਲੱਭਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਸਿਟੀ ਬਸ ਸੇਵਾ ਅਗਲੇ ਕੁੱਝ ਦਿਨਾਂ ਤੱਕ ਹੀ ਚਾਲੂ ਕਰ ਦਿੱਤੀ ਜਾਵੇਗੀ ਅਤੇ ਨਵੀਆਂ ਸੜਕਾਂ, ਜਿਨ੍ਹਾਂ ਦਾ ਨੀਂਹ ਪੱਥਰ ਉਹ ਪਿਛਲੇ ਮਹੀਨੇ ਰੱਖ ਗਏ ਸਨ, ਛੇਤੀ ਤੋਂ ਛੇਤੀ ਨੇਪਰੇ ਚਾੜਕੇ ਸ਼ਹਿਰ ਨੂੰ ਨਵੀਂ ਦਿੱਖ ਪ੍ਰਦਾਨ ਕਰ ਦਿੱਤੀ ਜਾਵੇਗੀ। ਸ. ਬਾਦਲ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਚ ਪੰਜ ਨਵੇਂ ਬਿਜਲੀ ਘਰ ਉਸਾਰੇ ਜਾ ਰਹੇ ਹਨ ਅਤੇ ਨਵੀਂ ਲਾਇਨਾਂ ਅਤੇ ਟਰਾਂਸਫਾਰਮ ਲਗਾ ਕੇ ਬਿਜਲੀ ਵੰਡ ਦੇ ਕੰਮ ਵਿਚ ਸੁਧਾਰ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੰਮ ’ਤੇ 137 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਉਨ੍ਹਾਂ ਅੱਜ ਸੁਲਤਾਨਵਿੰਡ ਵਿਖੇ ਬਣਨ ਵਾਲੇ 66 ਕੇ ਵੀ ਬਿਜਲੀ ਘਰ ਦਾ ਨੀਂਹ ਪੱਥਰ ਵੀ ਰੱਖਿਆ। ਇਸ ਤੋਂ ਪਹਿਲਾਂ ਸ. ਬਾਦਲ ਅਤੇ ਉਨਾਂ ਦੀ ਪਤਨੀ ਅਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਉਹ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵਿਚ ਸ਼ਾਮਿਲ ਹੋਏ ਅਤੇ ਗੁਰਬਾਣੀ ਤੇ ਕੀਰਤਨ ਸਰਵਣ ਕੀਤਾ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੜਕਿਆਂ ਦੇ ਨਾਲ-ਨਾਲ ਧੀਆਂ ਦੀ ਵੀ ਲੋਹੜੀ ਮਨਾਉਣ, ਕਿਉਂਕਿ ਲੜਕੀਆਂ ਕਿਸੇ ਤਰਾਂ ਵੀ ਮੁੰਡਿਆਂ ਨਾਲ ਪਿੱਛੇ ਨਹੀਂ, ਬਲਕਿ ਕਈ ਖੇਤਰਾਂ ਵਿਚ ਲੜਕਿਆਂ ਨਾਲੋਂ ਵੀ ਅੱਗੇ ਹਨ।
ਅੱਜ ਦੇ ਸਮਾਗਮਾਂ ਮੌਕੇ ਸੰਸਦ ਮੈਂਬਰ ਸ. ਨਵਜੋਤ ਸਿੰਘ ਸਿੱਧੂ, ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ, ਮੁੱਖ ਸੰਸਦੀ ਸਕੱਤਰ ਸ. ਇੰਦਰਬੀਰ ਸਿੰਘ ਬੁਲਾਰੀਆ ਤੇ ਡਾ. ਨਵਜੋਤ ਕੌਰ ਸਿੱਧੂ, ਭਾਜਪਾ ਆਗੂ ਰਜਿੰਦਰਮੋਹਨ ਸਿੰਘ ਛੀਨਾ ਤੇ ਸ੍ਰੀ ਤਰੁਣ ਚੁੱਗ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਸੰਧੂ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਪੁਲਿਸ ਕਮਿਸ਼ਨਰ ਸ. ਜਤਿੰਦਰ ਸਿੰਘ ਔਲਖ, ਕਮਿਸ਼ਨਰ ਕਾਰਪੋਰੇਸ਼ਨ ਸ.ਡੀ ਪੀ ਐਸ ਖਰਬੰਦਾ, ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਮੁੱਖ ਅਧਿਕਾਰੀ ਸ੍ਰੀ ਸੰਦੀਪ ਰਿਸ਼ੀ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

Send this to a friend