12-12 ਘੰਟੇ ਖੜ੍ਹੀ ਲੱਤ ਰਹਿੰਦੇ ਨੇ ਪੁਲਿਸ ਕਰਮਚਾਰੀ
ਝੁਨੀਰ, 12 ਜਨਵਰੀ (ਜਗਤਾਰ ਲਾਲਿਆਂਵਾਲੀ)-ਸਰਦੂਲਗੜ੍ਹ ਵਿਧਾਨ ਸਭਾ ਹਲਕੇ ਅਤੇ ਪੂਰੇ ਮਾਨਸਾ ਜ਼ਿਲ੍ਹੇ ਵਿੱਚ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਹੋਰ ਵੀ. ਆਈ. ਪੀ. ਦੇ ਸੰਗਤ ਦਰਸ਼ਨਾਂ ਨੇ ਪੁਲਿਸ ਕਰਮਚਾਰੀਆਂ ਨੂੰ ਵਾਹਣੀ ਪਾ ਰੱਖਿਆ ਹੈ। ਸੰਗਤ ਦਰਸ਼ਨਾਂ ਦੀ ਡਿਉਟੀ ਨੇ ਪੁਲਿਸ ਭੁੱਖੀ ਪਿਆਸੀ ਮਾਰ ਦਿੱਤੀ ਹੈ। ਵੀ.ਆਈ.ਪੀ. ਜਿਸ ਖੇਤਰ ਵਿੱਚ ਵੀ ਸੰਗਤ ਦਰਸ਼ਨ ਲਈ ਜਾਂਦੇ ਹਨ ਉਸ ਖੇਤਰ ਵਿੱਚ ਸਵੇਰ ਤੋਂ ਹੀ ਸੜਕਾਂ ਦੇ ਕਿਨਾਰੇ ਪੁਲਿਸ ਕਰਮਚਾਰੀ ਤਾਇਨਾਤ ਕਰ ਦਿੱਤੇ ਜਾਂਦੇ ਹਨ। ਸੰਗਤ ਦਰਸ਼ਨਾਂ ਦਾ ਕੰਮ ਬੇਰੋਕ ਚੱਲ ਰਿਹਾ ਹੈ। ਸਰਦੂਲਗੜ੍ਹ ਹਲਕੇ ਵਿੱਚ ਹਰ ਹਫ਼ਤੇ ਹੀ ਕਿਸੇ ਨਾ ਕਿਸੇ ਖੇਤਰ ਵਿੱਚ ਸੰਗਤ ਦਰਸ਼ਨ ਕੀਤਾ ਜਾਂਦਾ ਹੈ। ਇਹ ਕਰਮਚਾਰੀ ਸਾਰਾ-ਸਾਰਾ ਦਿਨ ਸੜਕਾਂ ਕਿਨਾਰੇ ਸੁੰਨੀਆਂ ਥਾਵਾਂ ’ਤੇ ਹੀ ਹੱਥਾਂ ਵਿੱਚ ਦੋ ਹੱਥ ਦੇ ਡੰਡੇ ਫੜ੍ਹ ਕੇ ਡਿਉਟੀ ਦਿੰਦੇ ਹਨ। ਵੀ.ਆਈ.ਪੀ. ਚਾਹੇ ਦੋ ਚਾਰ ਘੰਟੇ ਦੇਰੀ ਨਾਲ ਹੀ ਪੁੱਜਣ ਪਰ ਪੁਲਿਸ ਕਰਮਚਾਰੀ ਪਹਿਲਾਂ ਹੀ ਪੁਲਿਸ ਵਾਹਨਾਂ ਰਾਹੀਂ ਉਤਾਰ ਦਿੱਤੇ ਜਾਂਦੇ ਹਨ। ਸਰਕਾਰੀ ਕਰਮਚਾਰੀ ਹੋਣ ਕਾਰਨ ਸਰਕਾਰੀ ਗੁੱਸੇ ਤੋਂ ਡਰਦੇ ਇੱਕ ਪੁਲਿਸ ਕਰਮਚਾਰੀ ਨੇ ਨਾਂਅ ਨਾ ਲਿਖੇ ਜਾਣ ਦੀ ਸਰਤ ’ਤੇ ਦੱਸਿਆ ਕਈ ਵਾਰ ਤਾਂ ਅਸੀਂ ਰਾਤ ਦੇ ਅੱਠ ਵਜੇ ਤੱਕ ਵੀ ਇੱਕੋ ਥਾਂ ਹੀ ਖੜ੍ਹੇ ਰਹਿੰਦੇ ਹਾਂ। ਰਾਤ ਦੇ ਹਨ੍ਹੇਰੇ ਵਿੱਚ ਖਾਲੀ ਹੱਥ ਅਸੀਂ ਕੀ ਸੁਰੱਖਿਆ ਕਰ ਸਕਦੇ ਹਾਂ? ਜਿਨ੍ਹਾਂ ਪੁਲਾਂ ਕੋਲ, ਪੈਟ੍ਰੋਲ ਪੰਪਾਂ ਦੇ ਨੇੜੇ ਜਾਂ ਲਿੰਕ ਸੜਕਾਂ ਦੇ ਕਿਨਾਰੇ ਪੁਲਿਸ ਕਰਮਚਾਰੀਆਂ ਦੀ ਡਿਉਟੀ ਲਗਾਈ ਜਾਂਦੀ ਹੈ ਉਸ ਥਾਂ ਨਾ ਤਾਂ ਕੋਈ ਪਾਣੀ ਦਾ ਪ੍ਰਬੰਧ ਹੀ ਹੁੰਦਾ ਹੈ ਅਤੇ ਨਾ ਹੀ ਕਿਸੇ ਖਾਣ ਪੀਣ ਦਾ। ਕਰਮਚਾਰੀਆਂ ਨੇ ਦੱਸਿਆ ਕਿ ਪੁਲਿਸ ਦੀ ਗੱਡੀ ਸਾਨੂੰ ਦੌਰੇ ਤੋਂ ਦੋ ਘੰਟੇ ਪਹਿਲਾਂ ਹੀ ਉਤਾਰ ਕੇ ਚਲੀ ਜਾਂਦੀ ਹੈ ਅਤੇ ਵੀ.ਆਈ.ਪੀ ਦੀ ਵਾਪਸੀ ਤੋਂ ਦੋ ਘੰਟੇ ਬਾਅਦ ਲੈਣ ਆਉਂਦੀ ਹੈ। ਕਰਮਚਾਰੀਆਂ ਦਾ ਕਹਿਣਾ ਹੈ ਕਿ ਸਾਡੇ ਹੱਥ ਵਿੱਚ ਫੜ੍ਹੇ ਡੰਡੇ ਤਾਂ ਵਿਖਾਵਾ ਹੀ ਹਨ। ਪੁਲਿਸ ਕਰਮੀ ਨੇ ਦੱਸਿਆ ਕਿ ਸੁੰਨੀਆਂ ਥਾਵਾਂ ’ਤੇ ਸਾਡੇ ਬੈਠਣ ਲਈ ਵੀ ਕੋਈ ਚੀਜ਼ ਨਹੀਂ ਮਿਲਦੀ। ਜੇਕਰ ਅਸੀਂ ਸੜਕ ਕਿਨਾਰੇ ਕਿਸੇ ਇੱਟ ਪੱਥਰ ਦਾ ਢਾਸਣਾ ਮਾਰਦੇ ਹਾਂ ਤਾਂ ਅਫ਼ਸਰਾਂ ਦੀ ਘੁਰਕੀ ਦਾ ਡਰ ਰਹਿੰਦਾ ਹੈ। ਸਾਰਾ-ਸਾਰਾ ਦਿਨ ਇੱਕੋ ਥਾਵੇਂ ਹੀ ਦਰੱਖ਼ਤ ਵਾਂਗ ਖੜ੍ਹੇ ਰਹਿਣਾ ਬਹੁਤ ਹੀ ਔਖਾ ਕਾਰਜ ਹੈ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਿਕਰਮ ਸਿੰਘ ਮੋਫਰ ਨੇ ਸੰਗਤ ਦਰਸ਼ਨ ਦੌਰਾਨ ਥਾਂ-ਥਾਂ ਪੁਲਿਸ ਤਾਇਨਾਤੀ ਨੂੰ ਫੋਕੀ ਟੌਹਰ ਦੱਸਦਿਆਂ ਕਿਹਾ ਕਿ ਜਿਨ੍ਹਾਂ ਮੋੜਾਂ ’ਤੇ ਪੁਲਿਸ ਕਰਮਚਾਰੀ ਭੁੱਖੇ ਪਿਆਸੇ ਹੀ ਖੜ੍ਹੇ ਰਹਿੰਦੇ ਹਨ ਉ¤ਥੇ ਕਦੇ ਵੀ ਕਿਸੇ ਕਿਸਮ ਦਾ ਕੋਈ ਟਰੈਫਿਕ ਜਾਮ ਹੀ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਸੰਗਤ ਦਰਸ਼ਨਾਂ ਨੇ ਦਫ਼ਤਰੀ ਕੰਮ ਵੀ ਠੱਪ ਕਰ ਰੱਖੇ ਹਨ। ਲੋਕ ਆਪਣੇ ਕੰਮ ਧੰਦੇ ਦਫ਼ਤਰਾਂ ਵਿੱਚ ਜਾਂਦੇ ਹਨ ਪਰ ਅਫ਼ਸਰ ਦਫ਼ਤਰੋਂ ਗੈਰ-ਹਾਜ਼ਰ ਹੁੰਦੇ ਹਨ। ਜ਼ਿਲ੍ਹੇ ਦੀ ਸਾਰੀ ਪੁਲਿਸ ਨੂੰ ਸੰਗਤ ਦਰਸ਼ਨ ਵਾਲੇ ਖੇਤਰ ਵਿੱਚ ਤਾਇਨਾਤ ਕਰਨ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਵਧਦੀਆਂ ਹੀ ਜਾ ਰਹੀਆਂ ਹਨ।