ਜਲੰਧਰ-ਕੈਨੇਡਾ ਤੋਂ ਪਰਵਾਸੀ ਪੰਜਾਬ ਸੰਮੇਲਨ ਵਿੱਚ ਉਚੇਚੇ ਤੌਰ ’ਤੇ ਪੁੱਜੇ ਐੱਮ.ਪੀ. ਸਰਦਾਰ ਟਿੰਮ ਉੱਪਲ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਵੇਲੇ ਕੈਨੇਡਾ ਵਿੱਚ ਸਭ ਤੋਂ ਵੱਡੀ ਕਮਿਊਨਿਟੀ ਗੋਰਿਆਂ ਤੋਂ ਇਲਾਵਾ ਪੰਜਾਬੀਆਂ ਦੀ ਹੈ, ਜਿਨ੍ਹਾਂ ’ਚੋਂ ਬਹੁਤ ਸਾਰੇ ਸਿੱਖ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਕ ਦਸਤਾਰਧਾਰੀ ਹੋਣ ਕਾਰਨ ਹਰ ਜਗ੍ਹਾ ਵਿਸ਼ੇਸ਼ ਸਨਮਾਨ ਮਿਲਦਾ ਹੈ, ਜਿਸ ਲਈ ਉਨ੍ਹਾਂ ਨੂੰ ਸਿੱਖ ਹੋਣ ’ਤੇ ਮਾਣ ਹੈ। ਸ. ਉੱਪਲ ਨੇ ਕਿਹਾ ਕਿ ਕੁਝ ਫੈੱਡਰਲ ਮਾਮਲੇ ਉਨ੍ਹਾਂ ਨੇ ਆਪਣੀ ਭਾਰਤ ਫੇਰੀ ਦੌਰਾਨ ਕੇਂਦਰੀ ਮੰਤਰੀਆਂ ਨਾਲ ਉਠਾਏ ਹਨ। ਉਮੀਦ ਹੈ ਕਿ ਉਨ੍ਹਾਂ ਬਾਰੇ ਚੰਗੇ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਪੰਜਾਬੀ ਭਾਈਚਾਰੇ ਦੀ ਤਰੱਕੀ ਅਤੇ ਖੁਸ਼ਹਾਲੀ ਚਾਹੁੰਦੇ ਹਾਂ, ਜਿਸ ਲਈ ਹਰ ਤਰ੍ਹਾਂ ਦਾ ਸਹਿਯੋਗ ਸਾਡੇ ਵੱਲੋਂ ਹਾਜ਼ਰ ਹੈ।