June 26, 2026 3:21 am

ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾ-ਮੁਕਤੀ, ਅਧਿਕਾਰ ਅਤੇ ਭੂਮਿਕਾ ਨੂੰ ਨਿਯਮਬੱਧ ਕੀਤਾ ਜਾਣਾ ਸਮੇਂ ਦੀ ਪ੍ਰਮੁੱਖ ਲੋੜ : ਦਲ ਖਾਲਸਾ

image ਨਵਾਂਸ਼ਹਿਰ, 11 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਮੌਕੇ ਤਖਤ ਪਟਨਾ ਸਾਹਿਬ ਵਿਖੇ ਵਾਪਰੀ ਦੁਖਦਾਈ ਘਟਨਾ ਅਤੇ ਉਥੋਂ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੀ ਮੁਅਤਲੀ ਤੋਂ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ, ਦਲ ਖਾਲਸਾ ਨੇ ਕਿਹਾ ਹੈ ਕਿ ਤਖਤ ਸਾਹਿਬਾਨਾ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾ-ਮੁਕਤੀ, ਅਧਿਕਾਰ ਅਤੇ ਭੂਮਿਕਾ ਨੂੰ ਨਿਯਮਬੱਧ ਕੀਤਾ ਜਾਣਾ ਸਮੇਂ ਦੀ ਪ੍ਰਮੁੱਖ ਲੋੜ ਬਣ ਚੁੱਕਾ ਹੈ। ਪਾਰਟੀ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ, ਜੋ ਸ਼ਹਿਰ ਵਿੱਚ ਕਿਸੇ ਸਮਾਜਿਕ ਸਮਾਗਮ ਵਿੱਚ ਹਿੱਸਾ ਲੈਣ ਲਈ ਆਏ ਸਨ, ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਪਟਨਾ ਸਾਹਿਬ ਵਿਖੇ ਵਾਪਰੀ ਘਟਨਾ ਮੰਦਭਾਗੀ ਹੈ, ਜਿਸ ਨੇ ਸਮੁੱਚੀ ਕੌਮ ਨੂੰ ਸ਼ਰਮਸਾਰ ਕੀਤਾ ਹੈ।

ਉਹਨਾਂ ਕਿਹਾ ਕਿ ਕੌਮ ਨੂੰ ਅਜਿਹੀ ਨਾਮੋਸ਼ੀ ਦਾ ਸਾਹਮਣਾ ਬਾਰ-ਬਾਰ ਕਰਨਾ ਪੈਂਦਾ ਹੈ ਕਿੳਂਕਿ ਜਥੇਦਾਰਾਂ ਦੀ ਨਿਯੁਕਤੀ, ਸੇਵਾ-ਮੁਕਤੀ, ਅਧਿਕਾਰ ਅਤੇ ਭੂਮਿਕਾ ਬਾਰੇ ਕੋਈ ਨਿਯਮ ਨਹੀ ਘੜੇ ਗਏ ਅਤੇ ਇਸ ਸਬੰਧੀ ਭੰਬਲਭੂਸਾ ਬਰਕਰਾਰ ਹੈ ।
ਉਹਨਾਂ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਚਾਹੀਦਾ ਹੈ ਕਿ ਉਹ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਤਖਤ ਸ੍ਰੀ ਹਜ਼ੂਰ ਸਾਹਿਬ ਅਤੇ ਤਖਤ ਸ਼੍ਰੀ ਪਟਨਾ ਸਾਹਿਬ ਦੀਆਂ ਕਮੇਟੀਆਂ ਦੇ ਪ੍ਰਧਾਨਾਂ ਅਤੇ ਪ੍ਰਬੰਧਕਾਂ ਨੂੰ ਭਰੋਸੇ ਵਿੱਚ ਲੈ ਕੇ ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ, ਸੇਵਾ-ਮੁਕਤੀ, ਭੁਮਿਕਾ, ਫਰਜ਼ਾਂ ਅਤੇ ਹੋਰ ਸੇਵਾ ਨਿਯਮ ਘੜਣ ਬਾਬਤ ਇੱਕ ਪ੍ਰਕਿਰਿਆ ਆਰੰਭ ਕਰਨ। ਉਹਨਾਂ ਕਿਹਾ ਕਿ ਇਸ ਸਬੰਧੀ ਜਥੇਦਾਰ ਸਾਹਿਬ ਪੰਥ ਨੂੰ ਪ੍ਰਣਾਈਆਂ ਸੰਸਥਾਵਾਂ ਅਤੇ ਜਥੇਬੰਦੀਆਂ ਨੂੰ ਵੀ ਭਰੋਸੇ ਵਿੱਚ ਲੈਣ।
ਉਹਨਾਂ ਇਹ ਵੀ ਦਸਿਆ ਕਿ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਸੇਵਾ-ਕਾਲ ਮੌਕੇ ਉਹਨਾਂ ਦੀ ਆਪਣੀ ਜਥੇਬੰਦੀ ਨੇ ਹਮ-ਖਿਆਲੀ ਜਥੇਬੰਦੀਆਂ ਅਤੇ ਸਿੱਖ ਵਿਦਵਾਨਾਂ ਨਾਲ ਮਿਲਕੇ ਇਸ ਵਿਸ਼ੇ ਉਤੇ ਕਈ ਸੈਮੀਨਾਰ ਅਤੇ ਵਿਚਾਰ-ਗੋਸ਼ਟੀਆਂ ਕਰਵਾਈਆਂ ਸਨ ਅਤੇ ਸਿੱਖ ਵਿਦਵਾਨਾਂ ਦੇ ਇੱਕ ਪੈਨਲ ਨੇ ਇਸ ਸਬੰਧੀ ਇਕ ਖਰੜਾ ਵੀ ਤਿਆਰ ਕੀਤਾ ਸੀ, ਜਿਸਨੂੰ ਸ਼੍ਰੋਮਣੀ ਕਮੇਟੀ ਨੇ ਬੇਕਿਰਕ ਹੋ ਕੇ ਨਾ ਸਿਰਫ ਰੱਦ ਕਰ ਦਿੱਤਾ ਸਗੋਂ ਵਿਚਾਰਣ ਦੀ ਲੋੜ ਤੋਂ ਹੀ ਇਨਕਾਰ ਕਰ ਦਿਤਾ ਸੀ।
ਉਹਨਾਂ ਤਖਤ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਗਿਆਨੀ ਇਕਬਾਲ ਸਿੰਘ ਨੂੰ ਮੁਅਤਲ ਕਰਨ ਸਬੰਧੀ ਉਠੇ ਵਿਵਾਦ ਬਾਰੇ ਟਿਪਣੀ ਕਰਦਿਆਂ ਕਿਹਾ ਕਿ ਇਸ ਲਈ ਸ਼੍ਰੋਮਣੀ ਕਮੇਟੀ ਜ਼ਿਮੇਵਾਰ ਹੈ, ਜਿਸ ਨੇ ਤਿੰਨ ਵਾਰ ਜਥੇਦਾਰ ਸਾਹਿਬ ਠਬੇਪੱਤਠ ਕਰਕੇ ਜਬਰੀ ਹਟਾਏ ਅਤੇ ਗਲਤ ਪਿਰਤਾਂ ਪਾਈਆਂ। ਉਨ੍ਹਾਂ ਗਿਆਨੀ ਜਗਤਾਰ ਸਿੰਘ, ਜੋ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਹਨ ਅਤੇ ਮੌਕੇ ਉਤੇ ਮੌਜੂਦ ਸਨ, ਦੇ ਹਵਾਲੇ ਨਾਲ ਦਸਿਆ ਕਿ ਝਗੜੇ ਲਈ ਸਰਾਸਰ ਗਿਆਨੀ ਇਕਬਾਲ ਸਿੰਘ ਕਸੂਰਵਾਰ ਹਨ।
ਉਹਨਾਂ ਤਸਕਰ ਜਗਦੀਸ਼ ਭੋਲੇ ਵਲੋਂ ਨਸ਼ਿਆਂ ਦੇ ਕਾਰੋਬਾਰ ਲਈ ਪੰਜਾਬ ਦੇ ਇੱਕ ਮੰਤਰੀ ਬਿਕਰਮਜੀਤ ਸਿੰਘ ਮਜੀਠਿਆ ਦਾ ਨਾਂਅ ਲੈਣ ਤੋਂ ਬਾਅਦ ਉਠੇ ਰਾਜਨੀਤਿਕ ਤੁਫਾਨ ਉਤੇ ਟਿਪਣੀ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਸੂਬੇ ਵਿੱਚ ਨਸ਼ਿਆਂ ਦੇ ਪ੍ਰਕੋਪ ਲਈ ਬਰਾਬਰ ਦੇ ਜ਼ਿਮੇਵਾਰ ਹਨ। ਉਨ੍ਹਾਂ ਕਿਹਾ ਕਿ ਦੋਨਾਂ ਪਾਰਟੀਆਂ ਦੀਆਂ ਸਰਕਾਰਾਂ ਨਸ਼ਿਆਂ ਦੇ ਕਾਰੋਬਾਰ ਨੂੰ ਰੋਕਣ ਵਿੱਚ ਅਸਫਲ ਰਹੀਆਂ ਹਨ। ਉਹਨਾਂ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੀ ਚੁੱਪ ਤੋੜਣ ਦੀ ਅਪੀਲ ਕਰਦਿਆ ਕਿਹਾ ਕਿ ਉਹ ਸੂਝ-ਬੂਝ ਦਾ ਮੁਜ਼ਾਹਰਾ ਕਰਦੇ ਹੋਏ ਹਾਈ ਕੋਰਟ ਦੇ ਜੱਜ ਦੀ ਅਗਵਾਈ ਹੇਠ ਡਰਗ ਰੈਕਟ ਦੀ ਤੈਅ ਤੱਕ ਜਾਣ ਲਈ ਨਿਆਇਕ ਜਾਂਚ ਕਰਵਾਉਣ ਤਾਂ ਜੋ ਸੱਚਾਈ ਸਾਹਮਣੇ ਲਿਆਂਦੀ ਜਾਵੇ। ਉਹਨਾਂ ਕਿਹਾ ਕਿ ਪੰਜਾਬ ਦੀ ਰਾਜਨੀਤਿਕ ਸਥਿਤੀ ਤਰਸਯੋਗ ਹੈ, ਜਿਥੇ ਪੁਲਿਸ ਦੇ ਡੀ. ਜੀ. ਪੀ ਦੀਆਂ ਸੇਵਾਵਾਂ ਉਸ ਮੰਤਰੀ ਨੂੰ ਕਲੀਨ ਚਿੱਟ ਦੇਣ ਲਈ ਵਰਤੀਆਂ ਜਾਣ ਜਿਸ ਦਾ ਨਾਂਅ ਨਸ਼ਿਆਂ ਦੇ ਕਾਰੋਬਾਰ ਨਾਲ ਜੁੜ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਬਿਕਰਮ ਸਿੰਘ ਮਜੀਠਿਆ ਦੇ ਨਾਂਅ ਦਾ ਖੁਲਾਸਾ ਪੁਲਿਸ ਦੇ ਖੁਫੀਆ ਵਿਭਾਗ ਦੇ ਸਾਬਕਾ ਮੁੱਖੀ ਸ਼ਸ਼ੀਕਾਂਤ ਵੱਲੋਂ ਜਗਦੀਸ਼ ਭੋਲੇ ਦੀ ਗ੍ਰਿਫਤਾਰੀ ਤੋਂ ਬਹੁਤ ਪਹਿਲਾਂ ਹੀ ਕੀਤਾ ਗਿਆ ਸੀ।  ਉਨ੍ਹਾਂ ਕਿਹਾ ਬਾਦਲ ਸਾਹਿਬ ਦੀ ਚੁੱਪ ਗਲਤ ਸੰਕੇਤ ਛੱਡ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਆਪਣਾ ਦਾਮਨ ਬਚਾਉਣ ਲਈ ਨਿਰਪੱਖ ਜਾਂਚ ਤੋਂ ਭੱਜਣਾ ਨਹੀਂ ਚਾਹੀਦਾ। ਇਸ ਮੌਕੇ ਸ. ਧਾਮੀ ਦੇ ਨਾਲ ਸਿੱਖ ਯੂਥ ਆਫ ਪੰਜਾਬ ਦੇ ਪ੍ਰਭਜੋਤ ਸਿੰਘ, ਪਰਮਜੀਤ ਸਿੰਘ, ਗੁਰਨਾਮ ਸਿੰਘ ਅਤੇ ਗੁਰਪ੍ਰੀਤ ਸਿੰਘ ਵੀ ਸਨ।

Send this to a friend