ਸਰਦੂਲਗੜ੍ਹ , 30 ਨਵੰਬਰ (ਬਲਜੀਤ ਪਾਲ)-ਜ਼ਿਲ੍ਹੇ ਦੇ 297 ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪਹਿਲੀ ਦਸੰਬਰ ਤੋਂ ਦੁਪਹਿਰ ਦਾ ਖਾਣਾ ਨਹੀਂ ਪੱਕੇਗਾ । ਈ ਟੀ ਟੀ ਟੀਚਰ ਯੂਨੀਅਨ ਅਤੇ ਹੋਰ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਪਿਛਲੇ ਤਿੰਨ ਮਹੀਨੇ ਤੋਂ ਸਰਕਾਰ ਵੱਲੋਂ ਮਿੱਡ ਡੇ ਮੀਲ ਲਈ ਫੰਡ ਨਾ ਭੇਜੇ ਜਾਣ ਕਰਕੇ ਆਪਣੇ ਖਰਚੇ ’ਤੇ ਮਿੱਡ ਡੇ ਮੀਲ ਚਲਾਉਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ।ਸਰਕਾਰ ਨੇ ਤਿੰਨ ਮਹੀਨੇ ਦੌਰਾਨ ਸਿਰਫ ਵੀਹ ਦਿਨਾਂ ਦੇ ਪੈਸੇ ਹੀ ਭੇਜੇ ਸਨ । ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਕਤੂਬਰ ਮਹੀਨੇ ਦੀ ਰਿਪੋਰਟ ਅਨੁਸਾਰ ਜ਼ਿਲ੍ਹੇ ਭਰ ਦੇ ਸਕੂਲਾਂ ਦੇ 1,36,24,242 ਰੁਪੈ ਰਾਸ਼ਨ ਦੇ ਬਕਾਇਆ ਚੱਲ ਰਹੇ ਹਨ ।ਖਾਣਾ ਪਕਾਉਣ ਦਾ ਕੰਮ ਕਰਦੀਆਂ ਕੁੱਕ ਬੀਬੀਆਂ ਦੇ 44,71,100 ਰੂਪੈ ਬਕਾਇਆ ਹਨ । ਈ ਟੀ ਟੀ ਅਧਿਆਪਕ ਯੁਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਅਸੀਂ ਜ਼ਿਲ੍ਹੇ ਭਰ ਦੇ ਪ੍ਰਾਇਮਰੀ ਸਕੂਲ ਅਧਿਆਪਕਾਂ ਦਾ ਇੱਕ ਵਫ਼ਦ ਲੈ ਕੇ ਜ਼ਿਲ੍ਹਾ ਸਿੱਖਿਆ ਅਫਸਰ (ਐ:ਸਿੱ:) ਨੂੰ ਮਿਲੇ ਸਾਂ। ਉਨ੍ਹਾਂ ਉਪਰੋਂ ਮਿੱਡ ਡੇ ਮੀਲ ਲਈ ਫੰਡ ਨਾ ਆਉਣ ਕਾਰਨ ਬਕਾਏ ਤਾਰਨ ਤੋਂ ਅਸਮਰੱਥਾ ਜਤਾਈ । ਉਨ੍ਹਾਂ ਕਿਹਾ ਸਕੂਲਾਂ ਵਿੱਚ ਮਿੱਡ ਡੇ ਮੀਲ ਲਈ ਕੰਮ ਕਰਦੇ ਅਧਿਆਪਕਾਂ ਦੀਆਂ ਜ਼ੇਬਾਂ ’ਤੇ ਕਰੋੜਾਂ ਦਾ ਬੋਝ ਪੈ ਗਿਆ ਹੈ। ਬਹੁਤੇ ਸਕੂਲਾਂ ਦੇ ਪੰਜਾਹ ਹਜ਼ਾਰ ਤੋਂ ਲੈ ਕੇ ਸੱਠ ਹਜ਼ਾਰ ਤੱਕ ਬਕਾਏ ਖੜ੍ਹੇ ਹਨ । ਉਨ੍ਹਾਂ ਕਿਹਾ ਅਸੀਂ ਅੱਕ ਕੇ ਹੀ ਦੁਪਹਿਰ ਦਾ ਖਾਣਾ ਨਾ ਬਣਾਏ ਜਾਣ ਦਾ ਫੈਸਲਾ ਲਿਆ ਹੈ। ਗੌਰਮਿੰਟ ਟੀਚਰ ਯੁਨੀਅਨ ਦੇ ਬਲਵਿੰਦਰ ਸਿੰਘ ਉਲਕ ਅਤੇ ਰਾਏਪੁਰ ਸਕੂਲ ਦੇ ਮਿੱਡ ਡੇ ਮੀਲ ਇੰਚਾਰਜ ਵਿੱਦਿਆ ਸਾਗਰ ਨੇ ਦੱਸਿਆ ਸਾਡੇ ਸਕੂਲ ਦੇ ਪਿਛਲੇ ਤਿੰਨ ਮਹੀਨੇ ਦੇ 33000 ਰੁਪੈ ਬਕਾਇਆ ਨਹੀਂ ਮਿਲਿਆ ਜਿਸ ਕਰਕੇ ਅਸੀਂ ਦੁਪਹਿਰ ਦੇ ਖਾਣੇ ਲਈ ਰਾਸ਼ਨ ਖਰੀਦਣ ਤੋਂ ਅਸਮਰੱਥ ਹਾਂ। ਇਸੇ ਸਕੂਲ ਵਿੱਚ ਖਾਣਾ ਪਕਾਉਣ ਦਾ ਕੰਮ ਕਰਦੀਆਂ ਕੁੱਕ ਬੀਬੀਆਂ ਮਨਜੀਤ ਕੌਰ ,ਸ਼ਿੰਦਰਪਾਲ ਕੌਰ ,ਸੁਖਵਿੰਰ ਕੌਰ ਅਤੇ ਵੀਰਪਾਲ ਕੌਰ ਨੂੰ ਵੀ ਪਿਛਲੇ ਦੋ ਮਹੀਨੇ ਤੋਂ ਤਨਖਾਹ ਨਹੀਂ ਮਿਲੀ ਜਿਸ ਕਰਕੇ ਉਨ੍ਹਾਂ ਦੇ 13600 ਰੁਪੈ ਬਕਾਇਆ ਖੜ੍ਹੇ ਹਨ ।
ਫੰਡ ਨਾ ਆਉਣ ਕਰਕੇ ਸਰਕਾਰੀ ਸਕੂਲਾਂ ’ਚ ਦੁਪਹਿਰ ਦਾ ਖਾਣਾ ਹੋਵੇਗਾ ਬੰਦ



