ਸ਼ੋਲਾਪੁਰ (ਮਹਾਰਾਸ਼ਟਰ), 11 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਕਾਂਗਰਸ ਦੇ 17 ਜਨਵਰੀ ਦੇ ਅਹਿਮ ਇਜਲਾਸ ਜਿਸ ਵਿੱਚ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਹੈ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਅੱਜ ਕਿਹਾ ਕਿ ਉਹ ਮਹਾਰਾਸ਼ਟਰ ਦੇ ਤਾਕਤਵਰ ਆਗੂ ਸ਼ਰਦ ਪਵਾਰ ਨੂੰ ਪ੍ਰਧਾਨ ਮੰਤਰੀ ਵਜੋਂ ਦੇਖ ਕੇ ਖੁਸ਼ ਹੋਣਗੇ। ਇੱਥੇ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਿੰਦੇ ਨੇ ਕਿਹਾ ਕਿ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਦੀ ਮੁੱਖ ਭਾਈਵਾਲ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ੍ਰੀ ਪਵਾਰ ਦਿੱਲੀ ਵਿੱਚ ਰਾਜਨੀਤੀ ਦਾ ਸ਼ਿਕਾਰ ਹੋਏ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਸ੍ਰੀ ਪਵਾਰ 1992 ਤੋਂ ਪ੍ਰਧਾਨ ਮੰਤਰੀ ਦੀ ਦੌੜ ’ਚ
ਹਨ। ਉਨ੍ਹਾਂ ਖੁਦ ਨੂੰ ਰਾਜਨੀਤੀ ਵਿੱਚ ਲਿਆਉਣ ਦਾ ਸਿਹਰਾ ਐਨ. ਸੀ. ਪੀ. ਦੇ ਮੁਖੀ ਨੂੰ ਦਿੱਤਾ। ਇੱਥੇ ਦੱਸਣਯੋਗ ਹੈ ਕਿ ਸ੍ਰੀ ਪਵਾਰ ਇਸ ਤੋਂ ਪਹਿਲਾਂ ਕਾਂਗਰਸ ਦਾ ਹਿੱਸਾ ਸੀ ਪਰ ਸੋਨੀਆ ਗਾਂਧੀ ਦੇ ਵਿਦੇਸ਼ੀ ਹੋਣ ਦੇ ਮੁੱਦੇ ਨੂੰ ਲੈ ਕੇ ਉਹ ਕੌਮੀ ਪਾਰਟੀ ਤੋਂ ਅਲੱਗ ਹੋ ਗਏ। ਸ੍ਰੀ ਪਵਾਰ ਨੇ ਸਪੱਸ਼ਟ ਕੀਤਾ ਕਿ ਉਹ ਮਈ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ 2014 ਨਹੀਂ ਲੜਨਗੇ ਪਰ ਅਬਜ਼ਰਵਰਾਂ ਦਾ ਕਹਿਣਾ ਕਿ ਐਨ. ਸੀ. ਪੀ. ਮੁਖੀ ਨੇ ਰਾਜ ਸਭਾ ਦੇ ਰਸਤੇ ਸੰਸਦ ਵਿੱਚ ਜਾਣ ਦੀ ਵਿਉਂਤ ਬਣਾਈ ਹੋਈ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਇਹ ਐਲਾਨ ਕਰਨ ਕਿ ਜੇਕਰ ਮਈ ਚੋਣਾਂ ਪਿੱਛੋਂ ਯੂ. ਪੀ. ਏ. ਸੱਤਾ ਵਿੱਚ ਆਉਂਦੀ ਹੈ ਤਾਂ ਉਹ ਪ੍ਰਧਾਨ ਮੰਤਰੀ ਅਹੁਦੇ ਦੇ ਦੌੜ ਵਿੱਚ ਸ਼ਾਮਿਲ ਨਹੀਂ ਹੋਣਗੇ, ਨਾਲ ਇਹ ਗੱਲ ਲਗਪਗ ਯਕੀਨੀ ਬਣ ਗਈ ਹੈ ਕਿ 17 ਜਨਵਰੀ ਦੇ ਇਜਲਾਸ ਵਿੱਚ ਰਾਹੁਲ ਗਾਂਧੀ ਨੂੰ ਕਾਂਗਰਸ ਦੇ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ। ਸ੍ਰੀ ਸ਼ਿੰਦੇ ਦੀਆਂ ਟਿੱਪਣੀਆਂ ਕਾਂਗਰਸ ਵੱਲੋਂ ਲਏ ਸਟੈਂਡ ਦੇ ਵਿਰੁੱਧ ਹਨ ਅਤੇ ਇਸ ਗੱਲ ਦਾ ਯਕੀਨ ਹੈ ਕਿ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਸ਼ਿੰਦੇ ਦੇ ਪੱਖ ਦੀ ਹਮਾਇਤ ਨਹੀਂ ਕਰੇਗੀ।