ਰਾਮਪੁਰਾ ਫੂਲ, 29 ਨਵੰਬਰ (ਮਨਪ੍ਰੀਤ ਸਿੰਘ ਗਿੱਲ)-ਮੰਡੀ ਕਲਾਂ ਦੇ ਨੌਜਵਾਨ ਭੂਪਿੰਦਰ ਸਿੰਘ ਵਲੋਂ ਬੀਤੇ ਦਿਨ ਕੀਤੀ ਖੁਦਕੁਸ਼ੀ ਦੇ ਮਾਮਲੇ ‘ਚ ਮੌੜ-ਰਾਮਪੁਰਾ ‘ਤੇ ਪੈਂਦੀ ਲਸਾੜਾ ਡਰੇਨ ‘ਤੇ ਚੱਲ ਰਿਹਾ ਧਰਨਾ 8ਵੇਂ ਦਿਨ ‘ਚ ਦਾਖਲ ਹੋ ਗਿਆ ਹੈ ਅਤੇ ਨੌਵੇਂ ਦਿਨ ਵੀ ਨੌਜਵਾਨ ਦਾ ਸੰਸਕਾਰ ਨਹੀਂ ਹੋ ਸਕਿਆ। ਇਸ ਦੌਰਾਨ ਅੱਜ ਭਾਕਿਯੂ ਸਿੱਧੂਪੁਰ ਦੇ ਆਗੂਆਂ ਵਲੋਂ ਅੱਜ ਸੰਘਰਸ਼ ਦੀ ਅਗਲੀ ਰਣਨੀਤੀ ਸਬੰਧੀ ਸੂਬਾ ਪੱਧਰੀ ਮੀਟਿੰਗ ਵੀ ਕੀਤੀ ਗਈ। ਉਕਤ ਜਾਣਕਾਰੀ ਦਿੰਦਿਆਂ ਬੂਟਾ ਸਿੰਘ ਭੂੰਦੜ ਨੇ ਕਿਹਾ ਕਿ ਮੀਟਿੰਗ ਦੌਰਾਨ ਜੱਥੇਬੰਦੀ ਵਲੋਂ ਫੈਸਲਾ ਲਿਆ ਗਿਆ ਹੈ ਕਿ ਜੇਕਰ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਤਾਂ 3 ਦਸੰਬਰ ਨੂੰ ਉਹ ਮੁਖਮੰਤਰੀ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਪਟਿਆਲਾ ਮੂਹਰੇ ਮ੍ਰਿਤਕ ਨੌਜਵਾਨ ਦੀ ਲਾਸ਼ ਰੱਖ ਕੇ ਸੂਬਾ ਪੱਧਰੀ ਧਰਨਾ ਲਾਉਣਗੇ ਅਤੇ ਜਿਨਾਂ ਚਿਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਧਰਨਾ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਾਉਣਾ, ਰਿਸ਼ਵਤ ਦੇ 6 ਲੱਖ ਰੁ: ਵਾਪਿਸ ਮੁੜਵਾਉਣਾ ਅਤੇ ਖੁਦਕੁਸ਼ੀ ਪੀੜਤ ਪਰਿਵਾਰ ਨੂੰ ਮਿਲਦੀ ਸਰਕਾਰੀ ਰਾਸ਼ੀ ਦਵਾਉਣ ਸਮੇਤ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਵਉਣਾ ਹੈ। ਇਸ ਮੌਕੇ ਮੀਟਿੰਗ ਵਿਚ ਜਿਲਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਸੂਬਾ ਜਨ. ਸਕੱਤਰ ਬੋਘ ਸਿੰਘ, ਮਾਨ ਸਿੰਘ ਰਾਜਪੁਰਾ, ਰੇਸ਼ਮ ਸਿੰਘ ਯਾਤਰੀ, ਗੁਰਬਖਸ਼ ਸਿੰਘ ਪਟਿਆਲਾ, ਬੋਹੜ ਸਿੰਘ ਫਰੀਦਕੋਟ, ਫਤਿਹ ਸਿੰਘ ਫਿਰੋਜਪੁਰ, ਮਲੂਕ ਸਿੰਘ, ਗੁਰਲਾਲ ਸਿੰਘ, ਸੰਗਰੂਰ, ਭੋਲਾ ਸਿੰਘ ਕੋਟੜਾ, ਅਰਜਨ ਸਿੰਘ ਫੂਲ ਆਦਿ ਹਾਜਰ ਸਨ।
ਖੁਦਕੁਸ਼ੀ ਮਾਮਲੇ ’ਚ ਮ੍ਰਿਤਕ ਦੇ ਸਰੀਰ ਸਮੇਤ 3 ਦਸੰਬਰ ਨੂੰ ਮੋਤੀ ਮਹਿਲ ਘੇਰਨ ਦਾ ਐਲਾਨ



