ਸ਼੍ਰੀ ਚਮਕੌਰ ਸਾਹਿਬ, 29 ਨਵੰਬਰ (ਅਮਰਜੀਤ ਸਿੰਘ ਕਲਸੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸੰਚਾਲਿਤ ਬੀਬੀ ਸ਼ਰਨ ਕੌਰ ਖਾਲਸਾ ਕਾਲਜ ਸ਼੍ਰੀ ਚਮਕੌਰ ਸਾਹਿਬ ਵੱਲੋਂ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੀ ਪ੍ਰਤਿਭਾ ਨਿਖਾਰਣ ਲਈ ਹੋਰ ਸੁਚਾਰੂ ਗਤੀਵਿਧੀਆਂ ਦੇ ਵੱਖੋਂ-ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਜਿਨ੍ਹਾਂ ਵਿੱਚ ਭਾਸ਼ਣ ਮੁਕਾਬਲੇ, ਕਵਿਤਾ ਉਚਾਰਨ ਮੁਕਾਬਲੇ, ਲੇਖ ਰਚਨਾ, ਕੁਇਜ਼ ਮੁਕਾਬਲੇ, ਪੈਂਟਿੰਗ, ਰੰਗੋਲੀ ਅਤੇ ਦਸਤਾਰਬੰਦੀ ਆਦਿ ਸ਼ਾਮਲ ਸਨ। ਇਸ ਮੌਕੇ ਵੱਖ-ਵੱਖ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਗਣਿਤ, ਵਿਗਿਆਨ ਅਤੇ ਖੇਤੀਬਾੜੀ ਆਦਿ ਵਿਸ਼ਿਆਂ ਦੇ ਮਾਡਲਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਪ੍ਰੋਗਰਾਮ ਵਿੱਚ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਦੇ ਮੈਨੇਜਰ ਸ: ਨੱਥਾ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵੂਮੈਨ ਝਾੜ ਸਾਹਿਬ ਦੇ ਪ੍ਰਿੰਸੀਪਲ ਮੈਡਮ ਡਾ: ਰਜਿੰਦਰ ਕੌਰ, ਭਾਈ ਅਮਰੀਕ ਸਿੰਘ ਹੈੱਡ ਗੰ੍ਰਥੀ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ, ਸਥਾਨਕ ਸ਼ਿਵਾਲਿਕ ਮਾਡਲ ਹਾਈ ਸਕੂਲ ਦੇ ਪਿੰ੍ਰਸੀਪਲ ਅਮਰਜੀਤ ਸਿੰਘ ਮਾਵੀ, ਪੈੱ੍ਰਸ ਕਲੱਬ ਸ਼੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਰਾਮ ਲਾਲ ਲੱਖਾ ਅਤੇ ਸੇਵਾ ਮੁਕਤ ਮਾ: ਸੁਰਜੀਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਇਲਾਕੇ ਅਤੇ ਹੋਰ ਦੂਰ-ਦੁਰਾਡੇ ਦੇ ਵੱਖੋਂ-ਵੱਖ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ 280 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਬਹੁਤ ਸਖਤ ਮੁਕਾਬਲਿਆਂ ਵਿੱਚੋਂ ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਟੀਮਾਂ ਦੇ ਨਾਲ ਆਉਣ ਵਾਲੇ ਇੰਚਾਰਜਾਂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਪਹੁੰਚੇ ਮਾ: ਸੁਰਜੀਤ ਸਿੰਘ ਨੇ ਭਾਸ਼ਣ ਅਤੇ ਕਵਿਤਾ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ 500-500 ਰੁਪਏ ਦੀ ਨਕਦ ਰਾਸ਼ੀ ਦੇ ਕੇ ਬੱਚਿਆ ਦੀ ਹੌਂਸਲਾ ਅਫਜਾਈ ਕੀਤੀ ਅਤੇ ਉਨ੍ਹਾਂ ਇਹ ਵੀ ਦੱਸਿਆ ਕਿ ਇਹ ਇਨਾਮ ਉਹ ਬੱਚਿਆ ਨੂੰ ਹਰ ਸਾਲ ਦਿਆ ਕਰਨਗੇ।



