ਕੋਟਕਪੂਰਾ, 29 ਨਵੰਬਰ (ਚਰਨਦਾਸ ਗਰਗ, ਸਤਨਾਮ ਸਿੰਘ)- ਭਾਰਤ ਮਿਲਕ ਪ੍ਰੌਡਕਟ ਪ੍ਰਾਈਵੇਟ ਲਿਮਟਿਡ ਫੌਕਲ ਪੁਆਇੰਟ ਕੋਟਕਪੂਰਾ ਵਿਖੇ ਕਥਿੱਤ ਤੌਰ ’ਤੇ ਗੁੰਡਾਗਰਦੀ ਕਰਨ ਵਾਲੇ ਸੁਖਦੇਵ ਸਿੰਘ ਸੁੱਖਾ ਵਾਸੀ ਟਿੱਬੀ ਭਰਾਈਆਂ ਅਤੇ ਉਸ ਦੇ 10 ਸਾਥੀਆਂ ਖਿਲਾਫ ਸਥਾਨਕ ਸਿਟੀ ਥਾਣੇ ਦੀ ਪੁਲਿਸ ਨੇ ਵਰਿੰਦਰ ਕੁਮਾਰ ਪੁੱਤਰ ਬਾਬੂ ਰਾਮ ਵਾਸੀ ਵਿਜੈ ਨਗਰ ਮੋਗਾ ਰੋਡ ਕੋਟਕਪੂਰਾ ਦੀ ਸ਼ਿਕਾਇਤ ਦੇ ਅਧਾਰ ’ਤੇ ਆਈਪੀਸੀ ਦੀ ਧਾਰਾ 452/386/506/148/149 ਅਤੇ ਆਰਮਜ਼ ਐਕਟ ਦੀ ਧਾਰਾ 25/27/54/59 ਤਹਿਤ ਮਾਮਲਾ ਦਰਜ ਕੀਤਾ ਹੈ। ਤਫਤੀਸ਼ੀ ਅਫਸਰ ਏਐਸਆਈ ਜਸਕਰਨ ਸਿੰਘ ਸੇਖੋਂ ਨੇ ਦੱਸਿਆ ਕਿ ਸੁਖਦੇਵ ਸਿੰਘ ਆਪਣੇ 10 ਸਾਥੀਆਂ ਨਾਲ ਵੱਖ-ਵੱਖ ਵਾਹਨਾਂ ’ਤੇ ਫੌਕਲ ਪੁਆਇੰਟ ਵਿਖੇ ਆਇਆ ਅਤੇ ਪਿਸਤੌਲ ਦੀ ਨੌਕ ’ਤੇ ਸਾਢੇ 5 ਲੱਖ ਰੁਪਏ ਦਰਾਜ ’ਚੋਂ ਕੱਢ ਕੇ ਲੈ ਗਿਆ। ਉਨਾ ਦੱਸਿਆ ਕਿ ਸੁਖਦੇਵ ਸਿੰਘ ਚੰਗੀ ਸੋਚ ਦਾ ਵਿਅਕਤੀ ਨਹੀਂ ਤੇ ਉਸ ਖਿਲਾਫ ਸ਼ੱਕੀ ਕਿਸਮ ਦੀਆਂ ਕਾਰਵਾਈਆਂ ਬਾਰੇ ਪਹਿਲਾਂ ਵੀ ਚਰਚਾ ਸੁਣਨ ਨੂੰ ਮਿਲੀ ਹੈ। ਉਨਾ ਦੱਸਿਆ ਕਿ ਸੁਖਦੇਵ ਸਿੰਘ ਅਤੇ ਉਸਦੇ ਸਾਥੀਆਂ ਦੀ ਗੁੰਡਾਗਰਦੀ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਚੁੱਕੀ ਹੈ ਤੇ ਉਕਤ ਫੁਟੇਜ ਦੇ ਅਧਾਰ ’ਤੇ ਹੀ ਅਗਲੀ ਕਾਰਵਾਈ ਆਰੰਭੀ ਜਾ ਰਹੀ ਹੈ। ਮਨਵਿੰਦਰਬੀਰ ਸਿੰਘ ਡੀਐਸਪੀ ਕੋਟਕਪੂਰਾ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਏਐਸਆਈ ਜਸਕਰਨ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ’ਚ ਕਿਸੇ ਨਾਲ ਕੋਈ ਲਿਹਾਜ ਨਹੀਂ ਕੀਤੀ ਜਾਵੇਗੀ। ਜਿਲਾ ਪੁਲਿਸ ਮੁਖੀ ਡਾ. ਨਾਨਕ ਸਿੰਘ ਅਨੁਸਾਰ ਕਾਨੂੰਨ ਹੱਥ ’ਚ ਲੈਣ ਦੀ ਕਿਸੇ ਨੂੰ ਇਜਾਜਤ ਨਹੀਂ ਦਿੱਤੀ ਜਾਵੇਗੀ। ਉਨਾ ਦੱਸਿਆ ਕਿ ਮੁਲਜਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ ਤੇ ਪੁਲਿਸ ਜਲਦ ਉਨਾ ਨੂੰ ਕਾਬੂ ਕਰ ਲਵੇਗੀ।



