Skip to content
Independent perspectives. Global stories.
BREAKING

ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਡਾ. ਅਲੱਗ ਦੀ ਮਿਜਾਜ ਪੁਰਸ਼ੀ ਲਈ ਸੀ.ਐਮ.ਸੀ. ਪਹੁੰਚੇ

Share this story

ਲੁਧਿਆਣਾ, 27 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਉਘੇ ਵਿਦਵਾਨ ਅਤੇ ਅਲੱਗ ਸ਼ਬਦ ਯੱਗ ਟਰੱਸਟ ਦੇ ਬਾਨੀ ਡਾ. ਸਰੂਪ ਸਿੰਘ ਅਲੱਗ ਦੀ ਆਈ.ਸੀ.ਯੂ. ਵਿੱਚ ਚਿੰਤਾਜਨਕ ਹਾਲਤ ਦੀ ਜਾਣਕਾਰੀ ਪ੍ਰਾਪਤ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਸੋਮਵਾਰ ਨੂੰ ਵਿਸ਼ੇਸ਼ ਤੌਰ ’ਤੇ ਉਨ੍ਹਾਂ ਨੂੰ ਮਿਲਣ ਲਈ ਸੀ.ਐਮ.ਸੀ. ਹਸਪਤਾਲ, ਲੁਧਿਆਣਾ ਪਹੁੰਚੇ। ਉਨ੍ਹਾਂ ਨੇ ਡਾਕਟਰਾਂ ਪਾਸੋਂ ਡਾ. ਅਲੱਗ ਦੀ ਸਿਹਤ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਸ. ਅਲੱਗ ਦੀਆਂ ਨਿਰਮਲ, ਨਿਸ਼ਕਾਮ ਤੇ ਲੰਬੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਇਹ ਕਿਹਾ ਕਿ ਡਾ. ਅਲੱਗ ਕੌਮ ਦੇ ਅਨਮੋਲ ਹੀਰੇ ਹਨ, ਸਤਿਗੁਰ ਇਨ੍ਹਾਂ ਦੀ ਲੰਬੀ ਉਮਰ ਕਰਨ ਤਾਂ ਕਿ ਜੋ ਨਿਵੇਕਲੇ ਕਿਸਮ ਦਾ ਸ਼ਬਦ ਯੱਗ ਦਾ ਕਾਰਜ ਇਹ ਕਰ ਰਹੇ ਹਨ ਉਹ ਚੱਲਦਾ ਰਹਿ ਸਕੇ। ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਡਾ. ਅਲੱਗ ਦੀ ਸਿਹਤਮੰਦੀ ਲਈ ਅਰਦਾਸ ਕੀਤੀ ਤੇ ਖੁਸ਼ੀ ਦਾ ਜੈਕਾਰਾ ਸਾਂਝਾ ਕੀਤਾ। ਹੋਰ ਪਤਵੰਤਿਆਂ ਦੇ ਨਾਲ-ਨਾਲ ਸ. ਭਗਵਾਨ ਸਿੰਘ, ਗੁਰਮੇਲ ਮੈਡੀਕਲ ਹਾਲ, ਸ. ਮਹਿੰਦਰ ਸਿੰਘ, ਗੁਰਵਿੰਦਰ ਪਾਲ ਸਿੰਘ, ਕੁਲਜੋਤ ਸਿੰਘ, ਬੀਬਾ ਸੁਨਿੰਦਾ ਸਿੰਘ, ਸਰਦਾਰਨੀ ਜਸਬੀਰ ਕੌਰ ਵੀ ਅਰਦਾਸ ਵਿੱਚ ਸ਼ਾਮਿਲ ਹੋਏ। ਇਸ ਤੋਂ ਪਹਿਲਾਂ ਸਿਆਟਲ ਅਮਰੀਕਾ ਦੇ ਸਿੰਘ ਭਾਈ ਦਲਜੀਤ ਸਿੰਘ, ਭਾਈ ਸਾਧੂ ਸਿੰਘ, ਭਾਈ ਜਸਵੰਤ ਤੇ ਭਾਈ ਰਣਜੀਤ ਸਿੰਘ ਤੇ ਹੋਰ ਸ਼ਖਸੀਅਤਾਂ ਵਿਸ਼ੇਸ਼ ਤੌਰ ’ਤੇ ਡਾ. ਅਲੱਗ ਨੂੰ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਮਿਲੀਆਂ ਤੇ ਉਥੇ ਦੀਆਂ ਸੰਗਤਾਂ ਦੀਆਂ ਸ਼ੁੱਭ ਕਾਮਨਾਵਾਂ ਸਾਂਝੀਆਂ ਕੀਤੀਆਂ। ਇਨ੍ਹਾਂ ਸਿੰਘਾਂ ਨੇ ਹਸਪਤਾਲ ਦੀ ਪੂਰੀ ਮਰਿਆਦਾ ਨੂੰ ਸੰਭਾਲਦਿਆਂ ਹੋਇਆਂ ਚੌਪਈ ਸਾਹਿਬ ਤੇ ਆਨੰਦ ਸਾਹਿਬ ਦਾ ਪਾਠ ਕੀਤਾ ਤੇ ਸੇਵਕ ਦੀ ਸਿਹਤਮੰਦੀ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ। ਜਾਣ ਲੱਗਿਆਂ ਉਨ੍ਹਾਂ ਨੇ ਯਤਨ ਕਰਕੇ ਡਾ. ਅਲੱਗ ਤੋਂ ਸਿਆਟਲ ਦੀਆਂ ਸੰਗਤਾਂ ਲਈ ਇੱਕ ਛੋਟਾ ਜਿਹਾ ਸੰਦੇਸ਼ ਵੀ ਰਿਕਾਰਡ ਕਰਵਾਇਆ, ਜਿਹੜਾ ਬੁੱਧਵਾਰ ਸੰਗਤਾਂ ਨਾਲ ਸਾਂਝਾ ਕੀਤਾ ਜਾਵੇਗਾ ਤੇ ਡਾ. ਅਲੱਗ ਦੀ ਸਿਹਤਯਾਬੀ ਲਈ ਅਰਦਾਸਾਂ ਕੀਤੀਆਂ ਜਾਣਗੀਆਂ।
ਅਤਿ ਨਾਜ਼ੁਕ ਹਾਲਤ ਵਿੱਚ ਹੋਣ ਦੇ ਬਾਵਜੂਦ ਵੀ ਡਾ. ਅਲੱਗ ਨੇ ਬੜੀ ਚੜ੍ਹਦੀ ਕਲਾ ਨਾਲ ਕਿਹਾ ਮੇਰੀ ਜ਼ਿੰਦਗੀ ਕੌਮ ਦੇ ਲੇਖੇ ਹੈ ਜਿਵੇਂ ਸਤਿਗੁਰ ਚਾਹੁਣਗੇ ਮੈਂ ਉਨ੍ਹਾਂ ਦੀ ਆਗਿਆ ਵਿੱਚ ਮਾਨਵਤਾ ਦੀ ਸੇਵਾ ਆਖਰੀ ਸਵਾਸ ਤੱਕ ਕਰਦਾ ਰਹਾਂਗਾ।

WRITTEN BY