ਭਾਜਪਾ ਅਤੇ ਕਾਂਗਰਸ ਵੱਲੋਂ ਜ਼ੋਰਦਾਰ ਤਿਆਰੀਆਂ ਜਾਰੀ
ਨਵੀਂ ਦਿੱਲੀ, 24 ਨਵੰਬਰ- ਸੰਸਦ ਦਾ ਸਰਦ ਰੁਤ ਸੈਸ਼ਨ 15 ਦਸੰਬਰ ਤੋਂ 5 ਜਨਵਰੀ ਦਰਮਿਆਨ ਹੋਵੇਗਾ। ਇਸ ਸੰਬੰਧ ’ਚ ਫੈਸਲਾ ਕੇਂਦਰੀ ਕੈਬਨਿਟ ਦੀ ਸੰਸਦੀ ਮਾਮਲਿਆਂ ਬਾਰੇ ਕਮੇਟੀ ਦੀ ਸ਼ੁੱਕਰਵਾਰ ਨੂੰ ਮਹੱਤਵਪੂਰਨ ਬੈਠਕ ਦੌਰਾਨ ਲਿਆ ਗਿਆ।ਬੈਠਕ ਤੋਂ ਬਾਅਦ ਕਿਹਾ ਗਿਆ ਕਿ ਸਰਦ ਰੁਤ ਸਮਾਗਮ 15 ਦਸੰਬਰ ਤੋਂ ਸ਼ੁਰੂ ਹੋਵੇਗਾ। ਜ਼ਿਕਰਯੋਗ ਹੈ ਕਿ ਨਵੰਬਰ ’ਚ ਸਰਦ ਰੁੱਤ ਸੈਸ਼ਨ ਨਾ ਬੁਲਾਉਣ ’ਤੇ ਕਾਂਗਰਸ ਨੇ ਮੋਦੀ ਸਰਕਾਰ ਦੀ ਸਖਤ ਆਲੋਚਨਾ ਕੀਤੀ ਸੀ। ਕਾਂਗਰਸ ਚੇਅਰਪਰਸਨ ਸੋਨੀਆ ਗਾਂਧੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਵਿਰੋਧੀ ਧਿਰ ਦੇ ਸਵਾਲਾਂ ਤੋਂ ਡਰ ਕੇ ਦੌੜ ਰਹੇ ਹਨ।ਉਥੇ ਹੀ ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਰਜੁਨ ਖੜਗੇ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਸਖਤ ਆਲੋਚਨਾ ਕਰਦੇ ਹੋਏ ਤਲਖ ਲਹਿਜੇ ’ਚ ਕਿਹਾ,‘‘ਪ੍ਰਧਾਨ ਮੰਤਰੀ ਮੋਦੀ ਬ੍ਰਹਮਾ ਹਨ, ਉਹ ਸਿਰਜਣਹਾਰ ਹਨ, ਸਿਰਫ਼ ਉਹੀ ਜਾਣਦੇ ਹਨ ਕਿ ਸੰਸਦ ਕਦੋਂ ਸ਼ੁਰੂ ਹੋਵੇਗੀ।‘‘ਉਥੇ ਹੀ ਕਾਂਗਰਸ ‘ਤੇ ਪਲਟਵਾਰ ਕਰਦੇ ਹੋਏ ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੇ ਨੂੰ ਕਿਹਾ ਕਿ ਸਰਕਾਰ ਦਸੰਬਰ ‘ਚ ਸੰਸਦ ਸੈਸ਼ਨ ਬੁਲਾਏਗੀ। ਵਿਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਕਾਂਗਰਸ ਨੂੰ ਇਸ ਵਾਰ ਸੈਸ਼ਨ ਬੁਲਾਉਣ ਦੀ ਇੰਨੀ ਜਲਦਬਾਜ਼ੀ ਕਿਉਂ ਹੈ, ਸਮਝ ਨਹੀਂ ਆ ਰਿਹਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਨਹੀਂ ਭੁਲਣਾ ਚਾਹੀਦਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਵੀ ਅਜਿਹਾ ਹੋ ਚੁਕਿਆ ਹੈ।ਇਸ ਸਰਦ ਰੁਤ ਸਮਾਗਮ ਵਿੱਚ ਵੱਡੇ ਹੰਗਾਮੇ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਦੋਵੇਂ ਧਿਰਾਂ ਇਸ ਲਈ ਤਿਆਰੀ ਕਰ ਰਹੀਆਂ ਹਨ।



