Skip to content
Independent perspectives. Global stories.
BREAKING

ਮੰਡੀ ਕਲਾਂ ਵਿਖੇ ਰਾਮਪੁਰਾ ਮੌੜ ਸੜਕ ਜਾਮ ਕਰਕੇ ਲਾਇਆ ਧਰਨਾ

Share this story

ਥਾਣੇਦਾਰ ਤੋਂ ਤੰਗ ਨੌਜਵਾਨ ਕਿਸਾਨ ਦੀ ਖੁਦਕੁਸ਼ੀ ਦਾ ਮਾਮਲਾ

ਰਾਮਪੁਰਾ ਫੂਲ, 22 ਨਵੰਬਰ (ਮਨਪ੍ਰੀਤ ਸਿੰਘ ਗਿੱਲ, ਮਨਦੀਪ ਢੀਂਗਰਾ)- ਮੰਡੀ ਕਲਾਂ ਦੇ ਨੌਜਵਾਨ ਭੂਪਿੰਦਰ ਸਿੰਘ ਵਲੋਂ ਬੀਤੇ ਦਿਨ ਕੀਤੀ ਖੁਦਕੁਸ਼ੀ ਦੇ ਮਾਮਲੇ ’ਚ ਨਗਰ ਵਾਸੀਆਂ ਨੇ ਪੁਲੀਸ ਪ੍ਰਸ਼ਾਸਨ ਵੱਲੋਂ ਕਥਿਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਨਾ ਕਰਨ ਨੂੰ ਲੈਕੇ ਅੱਜ ਮੌੜ-ਰਾਮਪੁਰਾ ‘ਤੇ ਪੈਂਦੀ ਲਸਾੜਾ ਡਰੇਨ ‘ਤੇ ਧਰਨਾ ਲਗਾ ਕੇ ਸੜਕੀ ਜਾਮ ਲਗਾ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜੀ ਵੀ ਕੀਤੀ। ਜਿਕਰਯੋਗ ਹੈ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਪੁਲਸ ਤੋਂ ਤੰਗ ਉਕਤ ਨੌਜਵਾਨ ਨੇ ਖੁਦਕੁਸ਼ੀ ਨੋਟ ਵਿੱਚ ਲਿਖਿਆ ਕਿ ਮੈਨੂੰ ਪੰਜਾਬ ਪੁਲੀਸ ਦਾ ਏ.ਐਸ.ਆਈ. ਜਗਰੂਪ ਸਿੰਘ ਤੇ ਸਤੀਸ਼ ਕੁਮਾਰ ਮੌੜ ਮੰਡੀ ਉਸ ਖਿਲਾਫ ਚਲਦੇ ਇਕ ਝੂਠੇ ਕੇਸ ਦੀ ਗਵਾਹੀ ਮੁਕਰਨ ਲਈ ਲੱਖਾਂ ਰੁਪਏ ਮੰਗਦੇ ਹਨ ਤੇ ਤੰਗ ਪ੍ਰੇਸ਼ਾਨ ਕਰਦੇ ਹਨ ਅਤੇ ਮੇਰੀ ਮੌਤ ਲਈ ਇਹ ਦੋਵੇਂ ਵਿਅਕਤੀ ਜਿੰਮੇਵਾਰ ਹਨ। ਅੱਜ ਦੇ ਇਸ ਧਰਨੇ ਦੌਰਾਨ ਹਲਕਾ ਮੌੜ ਦੇ ‘ਆਪ’ ਪਾਰਟੀ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਵੀ ਸ਼ਿਰਕਤ ਕੀਤੀ ਅਤੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਕਿਸਾਨ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ਵਿਰੁੱਧ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ। ਖਬਰ ਲਿਖੇ ਜਾਣ ਤੱਕ ਲੋਕਾਂ ਵਲੋਂ ਟੈਂਟ ਲਾ ਕੇ ਪੱਕਾ ਧਰਨਾ ਲਾ ਦਿੱਤਾ ਗਿਆ ਸੀ। ਇਸ ਸਬੰਧੀ ਐਸ.ਐਚ.ਓ. ਬਾਲਿਆਂਵਾਲੀ ਸੰਦੀਪ ਭਾਟੀ ਨੇ ਕਿਹਾ ਕਿ ਨਗਰ ਵਾਸੀਆਂ ਨਾਲ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ ਅਤੇ ਕਾਨੂੰਨ ਮੁਤਾਬਿਕ ਸਹੀ ਕਾਰਵਾਈ ਕੀਤੀ ਜਾਵੇਗੀ।

WRITTEN BY