ਚੰਡੀਗੜ੍ਹ, 12 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਆਮ ਆਦਮੀ ਪਾਰਟੀ (ਆਪ) ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਕਿਹਾ ਹੈ ਕਿ ਝੋਨੇ ਦੀ ਫ਼ਸਲ ਦੀ ਸਮੇਂ ਸਿਰ ਅਦਾਇਗੀ ਯਕੀਨੀ ਬਣਾਈ ਜਾਵੇ ਤਾਂ ਕਿ ਪਹਿਲਾਂ ਹੀ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਕਿਸਾਨ-ਖੇਤ ਮਜ਼ਦੂਰ ਅਤੇ ਆੜ੍ਹਤੀ ਵਰਗ ਆਪਣੀ ਹਕ-ਸਚ ਦੀ ਕਮਾਈ ਹਾਸਲ ਕਰਨ ਲਈ ਖਜਲ-ਖ਼ੁਆਰ ਨਾ ਹੋਣ।‘ਆਪ’ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸਹਿ-ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਮੰਡੀਆਂ ਦੇ ਦੌਰਿਆਂ ਦੌਰਾਨ ਅਤੇ ਕਿਸਾਨਾਂ-ਆੜ੍ਹਤੀਆਂ ਵਲੋਂ ਪੰਜਾਬ ਭਰ ਤੋਂ ਸਾਂਝੀ ਸ਼ਿਕਾਇਤ ਆ ਰਹੀ ਹੈ ਕਿ ਮੰਡੀ ‘ਚ ਝੋਨੇ ਦੀ ਫ਼ਸਲ ਵਿਕਣ ਦੇ ਬਾਵਜੂਦ ਅਦਾਇਗੀ ਸਮੇਂ ਸਿਰ ਨਹੀਂ ਹੋ ਰਹੀ। ਬਹੁਤੀਆਂ ਮੰਡੀਆਂ ‘ਚ ਝੋਨੇ ਦੀ ਅਦਾਇਗੀ ਦੋ-ਦੋ ਹਫ਼ਤੇ ਤੋਂ ਨਹੀਂ ਹੋਈ, ਜਿਸ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਜਿਥੇ ਇਹ ਸਮਾਂ ਕਣਕ ਸਮੇਤ ਰਬੀ ਦੀਆਂ ਅਗਲੀਆਂ ਫ਼ਸਲਾਂ ਦੀ ਬਿਜਾਈ ਦਾ ਸਮਾਂ ਹੈ, ਉਥੇ ਸਾਹੇ=ਵਿਆਹ=ਸ਼ਾਦੀਆਂ ਦੇ ਦਿਨ ਸ਼ੁਰੂ ਹੋ ਚੁਕੇ ਹਨ। ਫ਼ਸਲ ਦੀ ਅਦਾਇਗੀ ਨਾ ਹੋਣ ਕਾਰਨ ਬਿਜਾਈ ਅਤੇ ਹੋਰ ਕੰਮ-ਕਾਰਾਂ ਲਈ ਜ਼ਰੂਰੀ ਨਕਦੀ ਦਾ ਲੈਣ ਦੇਣ ਪੂਰੀ ਤਰ੍ਹਾਂ ਠਪ ਹੋ ਗਿਆ ਹੈ, ਪਰੰਤੂ ਕੈਪਟਨ ਅਤੇ ਨਰਿੰਦਰ ਮੋਦੀ ਸਰਕਾਰ ਨੂੰ ਅੰਨਦਾਤਾ ਅਤੇ ਖੇਤੀਬਾੜੀ ਨਾਲ ਜੁੜੇ ਦੂਸਰੇ ਵਰਗਾਂ ਦੀ ਹਾਹਾਕਾਰ ਸੁਣਾਈ ਨਹੀਂ ਦੇ ਰਹੀ।‘ਆਪ‘ ਆਗੂ ਨੇ ਕਿਹਾ ਕਿ ਝੋਨੇ ਦੀ ਅਦਾਇਗੀ ਲਟਕਣ ਨਾਲ ਪੰਜਾਬ ਦੀਆਂ ਸਹਿਕਾਰੀ ਸਭਾਵਾਂ, ਗ੍ਰਾਮੀਣ ਅਤੇ ਸਹਿਕਾਰੀ ਬੈਂਕਾਂ ਸਮੇਤ ਦੂਸਰੇ ਵਿਤੀ ਸੰਸਥਾਨਾਂ ਦੀਆਂ ਬੈਂਕ ਲਿਮਟਾਂ ਅਤੇ ਕਿਸ਼ਤਾਂ ਵੀ ਬੁਰੀ ਤਰਾਂ ਪ੍ਰਭਾਵਿਤ ਹੋ ਰਹੀਆਂ ਹਨ। ਅਮਨ ਅਰੋੜਾ ਨੇ ਕਿਹਾ ਕਿ ਕਿਸਾਨਾਂ -ਆੜ੍ਹਤੀਆਂ ਦੀ ਇਸ ਬੇਬਸੀ ਲਈ ਜਿਥੇ ਪੰਜਾਬ ਸਰਕਾਰ ਦਾ ਢਿਲਾ ਅਤੇ ਲਾਪਰਵਾਹੀ ਵਾਲਾ ਰਵਈਆ ਜ਼ਿੰਮੇਵਾਰ ਹੈ ਉਥੇ ਅਕਾਲੀ-ਭਾਜਪਾ ਗਠਜੋੜ ਵਾਲੀ ਨਰਿੰਦਰ ਮੋਦੀ ਸਰਕਾਰ ਦਾ ਕਿਸਾਨ-ਮਜ਼ਦੂਰ ਅਤੇ ਆੜ੍ਹਤੀ-ਕਾਰੋਬਾਰੀ ਵਿਰੋਧੀ ਰਵਈਆ ਵੀ ਨੰਗਾ ਹੋਇਆ ਹੈ। ਜੋ ਕੈਸ਼ ਕਰੈਡਿਟ ਲਿਮਿਟ (ਸੀਸੀਐਲ) ਦੀ ਥਾਂ ਕਿਸ਼ਤਾਂ ਰਾਹੀਂ ਅਦਾਇਗੀ ਕਰਨ ਲਈ ਵੀ ਆਨਾਕਾਨੀ ਕਰ ਰਹੀ ਹੈ। ਜਦਕਿ ਪੰਜਾਬ ਅਤੇ ਕੇਂਦਰ ਦੋਵਾਂ ਸਰਕਰਾਂ ਨੂੰ ਇਸ ਤਰ੍ਹਾਂ ਦੀ ਸਥਿਤੀ ਤੋਂ ਬਚਣ ਲਈ ਪਹਿਲਾਂ ਹੀ ਠੋਸ ਪ੍ਰਬੰਧ ਕਰਨੇ ਚਾਹੀਦੇ ਸਨ।ਅਮਨ ਅਰੋੜਾ ਨੇ ਕਿਹਾ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਨਿਜੀ ਰੁਝੇਵਿਆਂ ‘ਚੋਂ ਸਮਾਂ ਕਢ ਕੇ ਪੰਜਾਬ ਦੇ ਕਿਸਾਨਾਂ – ਮਜ਼ਦੂਰਾਂ, ਆੜ੍ਹਤੀਆਂ ਅਤੇ ਵਿਤੀ ਸੰਸਥਾਨਾਂ ਨਾਲ ਜੁੜੀ ਇਸ ਸਮਸਿਆ ਦੇ ਹਲ ਲਈ ਦਖ਼ਲਅੰਦਾਜ਼ੀ ਕਰਨੀ ਚਾਹੀਦੀ ਹੈ ਤਾਂ ਕਿ ਸਰਕਾਰ ਆਪਣੇ ਵਾਅਦੇ ਅਨੁਸਾਰ ਫ਼ਸਲ ਵਿਕਣ ਦੇ 48 ਘੰਟਿਆਂ ਅੰਦਰ-ਅੰਦਰ ਫ਼ਸਲ ਦੀ ਅਦਾਇਗੀ ਯਕੀਨੀ ਬਣਾਏ।ਅਮਨ ਅਰੋੜਾ ਨੇ ਕੇਂਦਰੀ ਕੈਬਨਿਟ ‘ਚ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਹਰਸਿਮਰਤ ਕੌਰ ਬਾਦਲ ਅਤੇ ਵਿਜੈ ਸਾਂਪਲਾ ਨੂੰ ਕਿਹਾ ਕਿ ਉਨ੍ਹਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਦਰਪੇਸ਼ ਇਸ ਸਮਸਿਆ ਦੇ ਹਲ ਲਈ ਆਪਣੀ ਸੁਤੀ ਪਈ ਮੋਦੀ ਸਰਕਾਰ ਨੂੰ ਹਲੂਣਾ ਦੇ ਕੇ ਜਗਾਉਣ।
ਝੋਨੇ ਦੀ ਅਦਾਇਗੀ ਨਾ ਹੋਣ ਕਾਰਨ ਖਜਲ-ਖ਼ੁਆਰ ਹੋ ਰਹੇ ਨੇ ਕਿਸਾਨ ਤੇ ਆੜ੍ਹਤੀ : ਅਮਨ ਅਰੋੜਾ



