ਸ਼ਾਹਕੋਟ, 31 ਅਕਤੂਬਰ (ਸੁਰਿੰਦਰ ਸਿੰਘ ਖਾਲਸਾ)- ਸ਼ਾਹਕੋਟ ਦੇ ਨਜ਼ਦੀਕ ਪਿੰਡ ਚੱਕ ਬਾਹਮਣੀਆਂ ਤੋਂ ਸੋਮਵਾਰ ਬਾਅਦ ਦੁਪਹਿਰ ਸਤਲੁਜ ਦਰਿਆ ਦੇ ਰੈਂਪ ਕੋਲੋ ਇੱਕ ਨੌਜਵਾਨ ਦੀ ਖੇਤਾਂ ਵਿੱਚੋਂ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਚਮਕੌਰ ਸਿੰਘ (22) ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਮਾਨੋਚਾਹਲ ਕਲਾਂ (ਤਰਨਤਾਰਨ) ਦਾ ਬੀਤੀ 29 ਅਕਤੂਬਰ ਨੂੰ ਵਿਆਹ ਨਿਯਤ ਹੋਇਆ ਸੀ ਅਤੇ 28 ਅਕਤੂਬਰ ਨੂੰ ਉਸ ਨੂੰ ਸ਼ਗਨ ਲੱਗਣਾ ਸੀ। 28 ਅਕਤੂਬਰ ਸਵੇਰੇ 7 ਵਜੇ ਚਮਕੌਰ ਸਿੰਘ ਆਪਣੇ ਪਿਤਾ ਨੂੰ ਪੈਲਸ ਜਾਣ ਦਾ ਕਹਿ ਕੇ ਘਰੋਂ ਆਪਣੇ ਮੋਟਰਸਾਈਕਲ ਨੰ: ਪੀ.ਬੀ.46-ਜੀ.-1781 ’ਤੇ ਚਲਾ ਗਿਆ ਅਤੇ ਜਾਣ ਲੱਗਾ ਕਹਿ ਗਿਆ ਕਿ ਉਹ ਆ ਕੇ ਤਿਆਰ ਹੋਵੇਗਾ। ਇਸ ਦੌਰਾਨ ਉਸ ਦੇ ਪਰਿਵਾਰ ਮੈਂਬਰ ਉਸ ਨੂੰ ਉਡੀਕਦੇ ਰਹੇ, ਪਰ ਉਹ ਘਰ ਵਾਪਸ ਨਾ ਆਇਆ । ਇਸ ਦੌਰਾਨ ਚਮਕੌਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਬਹੁਤ ਭਾਲ ਕੀਤੀ, ਪਰ ਉਹ ਕਿਤੇ ਵੀ ਨਹੀਂ ਮਿਲਿਆ । ਸੋਮਵਾਰ 30 ਅਕਤੂਬਰ ਨੂੰ ਚਮਕੌਰ ਦੇ ਰਿਸ਼ਤੇਦਾਰ ਬਲਕਾਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਨਿਮਾਜੀਪੁਰ (ਸ਼ਾਹਕੋਟ) ਨੇ ਚਮਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਪਿੰਡ ਚੱਕ ਬਾਹਮਣੀਆਂ ਨਜ਼ਦੀਕ ਵਹਿੰਦੇ ਸਤਲੁਜ ਦਰਿਆ ਦੇ ਰੈਂਪ ਕੋਲ ਖੇਤਾਂ ਵਿੱਚ ਚਮਕੌਰ ਸਿੰਘ ਦੀ ਲਾਸ਼ ਪਈ ਹੈ ਅਤੇ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਕਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ । ਇਸ ਸਬੰਧੀ ਪੁਲਿਸ ਨੂੰ ਪਤਾ ਲੱਗਾ ਤਾਂ ਥਾਣਾ ਸ਼ਾਹਕੋਟ ਦੇ ਏ.ਐਸ.ਆਈ. ਗੁਰਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ, ਜਿਨਾਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ਼ ਦਿੱਤਾ ਅਤੇ ਮ੍ਰਿਤਕ ਲੜਕੇ ਦੇ ਪਿਤਾ ਗੁਰਦੇਵ ਸਿੰਘ ਪੁੱਤਰ ਸ਼ੀਆ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕਰਨ ਉਪਰੰਤ ਲਾਸ਼ ਦਾ ਪੋਸਟਮਾਰਟ ਕਰਵਾਕੇ ਲਾਸ਼ ਵਾਰਸਾਂ ਨੂੰ ਸੌਪ ਦਿੱਤੀ।
ਖੁਸ਼ੀਆਂ ਗਮ ਵਿੱਚ ਬਦਲੀਆਂ- ਮ੍ਰਿਤਕ ਚਮਕੌਰ ਸਿੰਘ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਨਾਂ ਦਾ ਇੱਕ ਲੜਕੀ ਮਨਦੀਪ ਕੌਰ, ਜੋਕਿ ਵਿਆਹੀ ਹੋਈ ਹੈ, ਜਦਕਿ ਦੂਸਰਾਂ ਲੜਕਾ ਚਮਕੌਰ ਸਿੰਘ ਸੀ । ਚਮਕੌਰ ਸਿੰਘ ਦਾ 29 ਅਕਤੂਬਰ ਨੂੰ ਵਿਆਹ ਸੀ ਅਤੇ ਉਸ ਦੇ ਘਰ ਬੜ੍ਹੇ ਹੀ ਚਾਵਾਂ ਨਾਲ ਵਿਆਹ ਦੀਆਂ ਰਸਮਾਂ ਨਿਭਾਈਆਂ ਜਾ ਰਹੀ ਸਨ, ਪਰ ਜਿਸ ਦਿਨ ਉਸ ਦਾ ਵਿਆਹ ਰੱਖਿਆ ਸੀ, ਉਹ ਉਸ ਦਿਨ ਤੋਂ ਹੀ ਉਦਾਸ ਰਹਿੰਦਾ ਸੀ ਅਤੇ ਉਦਾਸ ਰਹਿਣ ਦਾ ਕਾਰਣ ਪੁੱਛ ’ਤੇ ਉਹ ਪਰਿਵਾਰ ਨੂੰ ਕੁੱਝ ਨਹੀਂ ਦੱਸਦਾ ਸੀ।
ਉਸ ਨੂੰ ਸੀ.ਆਰ.ਪੀ.ਐਫ਼. ਵਿੱਚ ਨੌਕਰੀ ਮਿਲੀ ਸੀ ਅਤੇ ਉਸ ਨੇ ਵਿਆਹ ਤੋਂ ਬਾਅਦ 11 ਨਵੰਬਰ ਨੂੰ ਨੌਕਰੀ ਜੁਆਇਨ ਕਰਨੀ ਸੀ । ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਉਸ ਸਮੇਂ ਗਮ ਵਿੱਚ ਬਦਲ ਗਿਆ, ਜਦ ਪਰਿਵਾਰਕ ਮੈਂਬਰਾਂ ਨੂੰ ਪਤਾ ਲਗਾ ਕਿ ਉਨਾਂ ਦੇ ਲੜਕੇ ਚਮਕੌਰ ਸਿੰਘ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਸਤਲੁਜ ਦਰਿਆ ਦੇ ਰੈਂਪ ਕੋਲੋਂ ਨੌਜਵਾਨ ਦੀ ਖੇਤਾਂ ਵਿੱਚੋਂ ਮਿਲੀ ਲਾਸ਼



