ਸ੍ਰੀ ਆਨੰਦਪੁਰ ਸਾਹਿਬ, 31 ਅਕਤੂਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕੁਝ ਫੁੱਟ ਦੀ ਦੂਰੀ ਤੇ ਸਥਿਤ ਸਥਾਨਕ ਪੁਲੀਸ ਚੌਂਕੀ ਵਿਖੇ ਦੀਵਾਲੀ ਦੀ ਰਾਤ ਨੂੰ ਸ਼ਰਾਬ ਦਾ ਸੇਵਨ ਕਰਦੇ ਤੇ ਗੀਤ ਗਾਉਂਦਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੱਜ ਜ਼ਿਲ੍ਹਾ ਪੁਲੀਸ ਮੁੱਖੀ ਨੇ ਸਖਤ ਕਾਰਵਾਈ ਕਰਦੇ ਹੋਏ ਇਸ ਮਾਮਲੇ ‘ਚ ਚੌਂਕੀ ਇੰਚਾਰਜ ਸਣੇ 8 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਓਧਰ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਦੱਸਦੇ ਹੋਏ ਡੀ ਐਸ ਪੀ ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਚੌਂਕੀ ਦੇ ਇੱਕ ਏ ਐਸ ਆਈ, 5 ਹੈਡ ਕਾਂਸਟੇਬਲ ਅਤੇ ਇੱਕ ਕਾਂਸਟੇਬਲ ਅਤੇ ਦੋ ਹੋਮਗਾਰਡ ਦੇ ਜਵਾਨ ਜਿਨ੍ਹਾਂ ਵਿੱਚ ਇੰਚਾਰਜ ਏ ਐਸ ਆਈ ਰਘਬੀਰ ਸਿੰਘ, ਜੁਝਾਰ ਸਿੰਘ, ਪਰਮਜੀਤ ਸਿੰਘ, ਰਤਨ ਸਿੰਘ, ਗੁਰਮੀਤ ਸਿੰਘ ਗਿੱਲ, ਤਜਿੰਦਰ ਸਿੰਘ, ਗੁਰਨਾਮ ਸਿੰਘ ਅਤੇ ਮਝੇਲ ਸਿੰਘ ਨੂੰ ਮੁਅੱਤਲ ਕਰਕੇ ਜਾਂਚ ਅਰੰਭ ਕਰ ਦਿੱਤੀ ਗਈ ਹੈ।ਜਦਕਿ ਏ ਐਸ ਆਈ ਸਰਬਜੀਤ ਸਿੰਘ ਨੂੰ ਸ੍ਰੀ ਆਨੰਦਪੁਰ ਸਾਹਿਬ ਪੁਲੀਸ ਚੌਂਕੀ ਦਾ ਇੰਚਾਰਜ ਨਿਯੁਕਤ ਕਰਨ ਉਪਰੰਤ ਉਨ੍ਹਾਂ ਆਪਣਾ ਅਹੁਦਾ ਸੰਭਾਲ ਲਿਆ ਹੈ।
ਦੀਵਾਲੀ ਦੀ ਰਾਤ ਡਿਊਟੀ ਦੌਰਾਨ ਸ਼ਰਾਬੀ ਹੋ ਕੇ ਗਾਉਂਦੇ ਪੁਲਿਸ ਮੁਲਾਜ਼ਮਾਂ ਦੀ ਵੀਡੀਓ ਵਾਇਰਲ-8 ਮੁਅੱਤਲ



