June 25, 2026 9:16 am

ਭਗੌੜਾ ਕਾਲਾ ਭਾਠੂਆਂ ਭਾਰੀ ਅਸਲੇ ਤੇ 9 ਸਾਥੀਆਂ ਸਮੇਤ ਕਾਬੂ

ਸੰਗਰੂਰ, 24 ਦਸੰਬਰ (ਹਰਿੰਦਰ ਖਾਲਸਾ)-ਸੰਗਰੂਰ ਪੁਲਿਸ ਨੇ ਦਹਿਸ਼ਤ ਪੈਦਾ ਕਰਨ ਵਾਲੇ ਤੇ ਅਗਵਾ ਕਰਕੇ ਫਿਰੌਤੀਆਂ ਲੈਣ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਅੰਤਰਰਾਜੀ ਗਿਰੋਹ ਦੇ ਮੁੱਖ ਸਰਗਨੇ ਬੀਰ ਬਹਾਦਰ ਉਰਫ਼ ਕਾਲਾ ਭਾਠੂਆਂ ਤੇ ਉਸਦੇ 9 ਸਾਥੀਆਂ ਨੂੰ ਹਲਕੀ ਮੁੱਠਭੇੜ ਦੌਰਾਨ ਮਾਰੂ ਹਥਿਆਰਾਂ ਸਮੇਤ ਕਾਬੂ ਕਰਨ ‘ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਅੱਜ ਇੱਥੇ ਪੁਲਿਸ ਲਾਇਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।
Police
ਸ. ਸਿੱਧੂ ਨੇ ਦੱਸਿਆ ਕਿ ਕਾਲਾ ਭਾਠੂਆਂ ਪਿਛਲੇ ਤਕਰੀਬਨ 7 ਸਾਲਾਂ ਤੋਂ ਪੁਲਿਸ ਦੀ ਗ੍ਰਿਫ਼ਤ ‘ਚੋਂ ਬਚਿਆ ਆ ਰਿਹਾ ਸੀ। ਇਸਨੂੰ ਕਾਬੂ ਕਰਨ ਲਈ ਹਰਿਆਣਾ ਪੁਲਿਸ ਨਾਲ ਦੋ ਅਤੇ ਮਾਨਸਾ ਪੁਲਿਸ ਨਾਲ ਇੱਕ ਹੋਏ ਪੁਲਿਸ ਮੁਕਾਬਲੇ ਵੀ ਹੋ ਚੁੱਕੇ ਹਨ। ਸ. ਸਿੱਧੂ ਨੇ ਕਿਹਾ ਕਿ ਸੰਗਰੂਰ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਮੁਹਿੰਮ ਹੋਰ ਤੇਜੀ ਨਾਲ ਜਾਰੀ ਰੱਖੀ ਜਾਵੇਗੀ। ਐਸ.ਐਸ.ਪੀ. ਨੇ ਦੱਸਿਆ ਕਿ ਬੀਤੀ ਰਾਤ ਥਾਣਾ ਮੁਣਕ ਦੇ ਮੁੱਖ ਅਫ਼ਸਰ ਇੰਸਪੈਕਟਰ ਹਰਵਿੰਦਰ ਸਿੰਘ ਖਹਿਰਾ, ਸੀ.ਆਈ.ਏ. ਸਟਾਫ਼ ਦੇ ਇੰਚਾਰਜ ਥਾਣੇਦਾਰ ਗੁਰਮੇਲ ਸਿੰਘ ਅਤੇ ਏ.ਐਸ.ਆਈ. ਬਿਕਰਮਜੀਤ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਸਾਂਝੀ ਕਾਰਵਾਈ ਦੌਰਾਨ ਲਹਿਲ ਕਲਾਂ ਦੇ ਬੇਆਬਾਦ ਨਹਿਰੀ ਵਿਸ਼ਰਾਮ ਘਰ ਵਿਖੇ ਦੁਵੱਲੀ ਗੋਲੀਬਾਰੀ ‘ਚ ਕਾਬੂ ਕੀਤੇ ਗਏ ਇਸ ਗਿਰੋਹ ਕੋਲੋਂ ਦੋ ਪਿਸਟਲ 9 ਐਮ.ਐਮ., ਦੋ ਰਿਵਾਲਵਰ 32 ਬੋਰ, 4 ਪਿਸਤੌਲ 315 ਬੋਰ, ਇੱਕ ਬਾਰਾਂ ਬੋਰ ਤੇ ਇੱਕ ਚਾਕੂ ਸਮੇਤ 32 ਰੌਂਦ, ਇੱਕ ਇਨੋਵਾ ਗੱਡੀ ਅਤੇ ਦੋ ਮੋਟਰਸਾਇਕਲ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਇਸ ਦੇ ਮੈਂਬਰਾਂ ‘ਚ ਬੀਰ ਬਹਾਦਰ ਸਿੰਘ ਉਰਫ਼ ਕਾਲਾ ਪੁੱਤਰ ਸੁਖਦੇਵ ਸਿੰਘ, ਹਰਵਿੰਦਰ ਸਿੰਘ ਉਰਫ਼ ਸੋਮਾ ਪੁੱਤਰ ਅਜੈਬ ਸਿੰਘ ਵਾਸੀਅਨ ਭਾਠੂਆਂ, ਬਲਕਾਰ ਸਿੰਘ ਉਰਫ਼ ਭੂਸ਼ਨ ਪੁੱਤਰ ਗੁਰਮੇਲ ਸਿੰਘ ਵਾਸੀ ਕੋਟੜਾ, ਗੁਰਧਿਆਨ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਰੋਗਲਾ, ਚਰਨਜੀਤ ਸਿੰਘ ਚੰਨੀ ਪੁੱਤਰ ਸਾਉਣ ਸਿੰਘ ਵਾਸੀ ਰਟੋਲਾਂ, ਅਨਿਲ ਕੁਮਾਰ ਪੁੱਤਰ ਹਰੀ ਸਿੰਘ ਵਾਸੀ ਹਰੀ ਨਗਰ ਕਲੋਨੀ ਪਾਣੀਪਤ, ਨਰੇਸ਼ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਸੰਘਰਵਾਸ ਜ਼ਿਲ੍ਹਾ ਭਵਾਨੀ ਅਤੇ ਬਲਰਾਜ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪ੍ਰੇਮ ਨਗਰ ਭਵਾਨੀ ਹਰਿਆਣਾ ਸ਼ਾਮਲ ਹਨ। ਇਨ੍ਹਾਂ ਵਿਰੁੱਧ ਧਾਰਾ 399, 402 ਆਈ.ਪੀ.ਸੀ. ਤੇ 25/54/59 ਅਸਲਾ ਐਕਟ ਮੁਕਦਮਾ ਨੰਬਰ 209 ਮਿਤੀ 23 ਦਸੰਬਰ 2013 ਥਾਣਾਂ ਮੂਣਕ ਵਿਖੇ ਦਰਜ ਕੀਤਾ ਗਿਆ ਹੈ।  ਸ. ਸਿੱਧੂ ਨੇ ਦੱਸਿਆ ਕਿ ਕਾਲਾ ਭਾਠੂਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਇੱਕ ਮੁਬਾਇਲ ਤੇ ਸਿਮ ਦੂਜੀ ਵਾਰ ਨਹੀਂ ਸੀ ਵਰਤਦਾ ਅਤੇ ਆਪਣੇ ਟਿਕਾਣੇ ਬਾਰੇ ਆਪਣੇ ਸਾਥੀਆਂ ਨੂੰ ਵੀ ਨਹੀਂ ਸੀ ਦੱਸਦਾ। ਉਨਾ ਦੱਸਿਆ ਕਿ ਫੜੇ ਗਏ ਮੇਂਬਰਾਂ ਵਿਚੋਂ 5 ਮੈਂਬਰ ਪਹਿਲਾਂ ਵੀ ਭਗੌੜੇ ਸਨ। ਇਸ ਗਿਰੋਹ ਦੇ ਮੈਂਬਰ ਸਿਖਿਆ ਪੱਖੋ ਮੈਟ੍ਰਿਕ ਹੀ ਸਨ। ਕਾਲਾ ਭਾਠੂਆਂ ਦਾ ਪਿਤਾ ਪਿੰਡ ਦਾ ਸਾਬਕਾ ਸਰਪੰਚ ਹੈ। ਇਸ ਨੂੰ ਕਾਬੂ ਕਰਨ ਲਈ ਹਰਿਆਣਾ ਦੀ ਪੁਲਿਸ ਸਮੇਤ ਪਟਿਆਲਾ, ਮਾਨਸਾ ਅਤੇ ਸੰਗਰੂਰ ਜ਼ਿਲ੍ਹਿਆਂ ਦੀ ਪੁਲਿਸ ਲੱਗੀ ਹੋਈ ਸੀ ਅਤੇ ਅੰਤ ਨੂੰ ਇਹ ਚੌਥੇ ਮੁਕਾਬਲੇ ‘ਚ ਸੰਗਰੂਰ ਪੁਲਿਸ ਦੇ ਕਾਬੂ ਆ ਗਿਆ ਹੈ। ਸ. ਸਿੱਧੂ ਨੇ ਦੱਸਿਆ ਕਿ ਇਸ ਅੰਤਰਰਾਜੀ ਗਿਰੋਹ ਦੇ 30 ਤੋਂ 40 ਦੇ ਕਰੀਬ ਮੈਂਬਰ ਹਨ ਅਤੇ ਇਹ ਪਿਛਲੇ 7 ਸਾਲਾਂ ਤੋਂ ਪੰਜਾਬ ਤੇ ਹਰਿਆਣਾ ਸਮੇਤ ਹੋਰ ਰਾਜਾਂ ‘ਚ ਲੁੱਟ ਖੋਹ, ਧਮਕੀਆਂ ਦੇ ਕੇ ਕਰੋੜਾਂ ਰੁਪਏ ਦੀ ਫਿਰੌਤੀ ਲੈਣ ਦਾ ਕਾਲਾ ਧੰਦਾ ਕਰਦਾ ਆ ਰਿਹਾ ਸੀ। ਕਾਲਾ ਭਾਠੂਆਂ ਵਿਰੁੱਧ 40 ਤੋਂ ਵੱਧ ਮੁਕਦਮੇ ਦਰਜ ਹਨ ਇਹ ਕਈ ਵਾਰ ਤਾਂ ਬਿਨ੍ਹਾਂ ਕਿਸੇ ਨੂੰ ਅਗਵਾ ਕੀਤਿਆਂ ਹੀ ਫੋਨ ‘ਤੇ ਧਮਕੀ ਦੇਕੇ ਫਿਰੌਤੀ ਲੈ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਗੈਂਗ ‘ਚ ਫੜੇ ਗਏ 5 ਜਣੇ ਪਹਿਲਾਂ ਹੀ ਭਗੌੜੇ ਚੱਲੇ ਆ ਰਹੇ ਸਨ। ਸ. ਸਿੱਧੂ ਨੇ ਦੱਸਿਆ ਕਿ ਇਸ ਗਿਰੋਹ ਨੂੰ ਕਾਬੂ ਕਰਨ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਏ.ਐਸ.ਆਈ. ਬਿਕਰਮਜੀਤ ਸਿੰਘ ਨੂੰ ਤਰੱਕੀ ਦੇਣ ਲਈ ਵੀ ਉਹ ਸਿਫ਼ਾਰਸ਼ ਕਰਨਗੇ। ਇਹ ਇਸ ਸਾਲ 2013  ਜਿਲਾ ਪੁਲਿਸ ਸੰਗਰੂਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਇਸ ਨੂੰ ਅੱਜ ਮੈਜਿਸਟ੍ਰੇਟ ਤੇ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਤਾਂ ਜੋ ਹੋਰ ਖੁਲਾਸੇ ਹੋ ਸਕਣ। ਐਸ.ਐਸ.ਪੀ. ਨੇ ਦੱਸਿਆ ਕਿ ਇਸ ਗੈਂਗ ਨੇ 70 ਲੱਖ ਰੁਪਏ ਦੀ ਫਿਰੌਤੀ ਇੱਕ ਅਗਵਾ ਮਾਮਲੇ ‘ਚ 3/4 ਸਾਲ ਪਹਿਲਾਂ ਮਾਨਸਾ ਜ਼ਿਲ੍ਹੇ ‘ਚ  ਇੱਕ ਡਾਕਟਰ ਤੋਂ ਲਈ ਸੀ, ਜਦਕਿ ਦੋ ਸਾਲ ਪਹਿਲਾਂ ਪਾਤੜਾਂ ਦੇ ਇੱਕ ਵਾਸੀ ਨੂੰ ਅਗਵਾ ਕਰਕੇ 30 ਲੱਖ ਰੁਪਏ ਤੇ ਬਰੇਟਾ ਤੋਂ ਵੀ 35 ਲੱਖ ਰੁਪਏ ਦੀ ਫਿਰੌਤੀ ਸਮੇਤ ਹੋਰ ਵੀ ਕਈ ਮਾਮਲਿਆਂ ‘ਚ ਕਰੋੜਾਂ ਰੁਪਏ ਦੀ ਫਿਰੌਤੀ ਲੈ ਚੁੱਕਾ ਹੈ। ਸ. ਸਿੱਧੂ ਨੇ ਕਿਹਾ ਕਿ ਇਸ ਗੈਂਗ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪ੍ਰੈਸ ਕਾਨਫਰੰਸ ਦੌਰਾਨ ਐਸ.ਪੀ. ਡੀ ਸ. ਪੀ.ਐਸ. ਗੋਰਾਇਆ, ਡੀ.ਐਸ.ਪੀ. ਸ. ਗੁਰਮੇਲ ਸਿੰਘ ਧਾਲੀਵਾਲ, ਡੀ.ਐਸ.ਪੀ. ਸ੍ਰੀਮਤੀ ਗੁਰਮੀਤ ਕੌਰ, ਇੰਸਪੈਕਟਰ ਹਰਵਿੰਦਰ ਸਿੰਘ ਖਹਿਰਾ, ਸੀ.ਆਈ.ਏ. ਸਟਾਫ਼ ਦੇ ਇੰਚਾਰਜ ਥਾਣੇਦਾਰ ਗੁਰਮੇਲ ਸਿੰਘ ਅਤੇ ਏ.ਐਸ.ਆਈ. ਬਿਕਰਮਜੀਤ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।

Send this to a friend