ਚੰਡੀਗੜ੍ਹ, 24 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-‘ਕਾਂਗਰਸ ਜਮਾਤ ਵੱਲੋਂ ਅਤੇ ਸੈਂਟਰ ਦੀ ਯੂਪੀਏ ਹਕੂਮਤ ਵੱਲੋਂ ਇਹ ਕਹਿਣਾ ਕਿ ਗੁਜਰਾਤ ਵਿੱਚ ਮੋਦੀ ਵੱਲੋਂ ਉਜਾੜੇ ਜਾ ਰਹੇ 60 ਹਜ਼ਾਰ ਸਿੱਖ ਪਰਿਵਾਰਾਂ ਨਾਲ ਉਨ੍ਹਾਂ ਨੂੰ ਹਮਦਰਦੀ ਹੈ ਅਤੇ ਇਸ ਸੰਬੰਧੀ ਉਹ ਆਉਣ ਵਾਲੀਆਂ ਪਾਰਲੀਮੈਂਟ ਚੋਣ ਮੈਨੀਫੈਸਟੋ ਵਿੱਚ ਇਸ ਮੁੱਦੇ ਨੂੰ ਪਹਿਲ ਦੇ ਅਧਾਰ ‘ਤੇ ਰੱਖੇਗੀ, ਇਹ ਅਮਲ ਤਾਂ ਕਾਂਗਰਸ ਦੇ ਅਤੇ ਯੂਪੀਏ ਹਕੂਮਤ ਦੇ ਸਿੱਖ ਕੌਮ ਨੂੰ ਮੋਦੀ ਵਰਗੇ ਜਾਬਰਾਂ ਅੱਗੇ ਹੋਰ 6 ਮਹੀਨੇ ਜ਼ਲੀਲ ਕਰਨ ਵਾਲੇ ਹਨ। ਜੇਕਰ ਇਨ੍ਹਾਂ ਨੂੰ ਵਾਅਕਿਆ ਹੀ ਗੁਜਰਾਤ ਦੇ ਸਿੱਖਾਂ ਨਾਲ ਹਮਦਰਦੀ ਹੈ ਤਾਂ ਉਹ ਤੁਰੰਤ ਆਪਣੀ ਯੂਪੀਏ ਹਕੂਮਤ ਵੱਲੋਂ ਇਸ ਸਿੱਖ ਦੇ ਉਜਾੜੇ ਨੂੰ ਰੋਕਣ ਸੰਬੰਧੀ ਆਰਡੀਨੈਂਸ ਜਾਰੀ ਕਰੇ। ਜਦੋਂ ਚੋਣਾਂ ਹੋ ਜਾਣ ਤਾਂ ਪਾਰਲੀਮੈਂਟ ਵਿੱਚ ਇਸ ਆਰਡੀਨੈਂਸ ਨੂੰ ਰੱਖ ਕੇ ਬਿੱਲ ਪਾਸ ਕਰਵਾਏ।’ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਾਂਗਰਸ ਜਮਾਤ ਅਤੇ ਸੈਂਟਰ ਦੀ ਯੂਪੀਏ ਹਕੂਮਤ ਵੱਲੋਂ ਗੁਜਰਾਤ ਦੇ ਸਿੱਖਾਂ ਨਾਲ ਪ੍ਰਗਟਾਈ ਜਾ ਰਹੀ ਹਮਦਰਦੀ ਨੂੰ ਸਹੀ ਰੂਪ ਵਿਚ ਅਮਲ ਕਰਨ ਦੀ ਗੁਜ਼ਾਰਿਸ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਦਿੱਲੀ ਦੀ ਕੇਜਰੀਵਾਲ ਦੀ ਬਣਨ ਜਾ ਰਹੀ ਸਰਕਾਰ ਦਾ ਸਵਾਲ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਇਸਦਾ ਸਵਾਗਤ ਕਰਦੀ ਹੋਈ ਸ੍ਰੀ ਕੇਜਰੀਵਾਲ ਜੋ ਦਿੱਲੀ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ, ਉਹਨਾਂ ਤੋ ਮੰਗ ਕਰਦੀ ਹੈ ਕਿ 28 ਸਾਲ ਪਹਿਲੇ ਦਿੱਲੀ ਦੀਆਂ ਗਲੀਆਂ ਅਤੇ ਸੜਕਾਂ ਵਿਚ ਸਿੱਖ ਕੌਮ ਦੇ ਹੋਏ ਕਤਲੇਆਮ ਸੰਬੰਧੀ ਦਰਦ ਭਰੀ ਉਸ ਫਾਇਲ ਨੂੰ ਖੋਲ੍ਹਕੇ ਸਭ ਤੋ ਪਹਿਲੇ ਸਿੱਖਾਂ ਦੇ ਕਾਤਿਲਾਂ ਵਿਰੁੱਧ ਫੌਰੀ ਕਾਨੂੰਨੀ ਕਾਰਵਾਈ ਕਰਨ ਦੇ ਕਦਮ ਉਠਾਕੇ ਸਜ਼ਾਵਾਂ ਦਿਵਾਵੇ। ਜੋ ਦਿੱਲੀ ਹਕੂਮਤ ਨੇ ਉਥੋ ਦੀ ਪੁਲਿਸ ਅਤੇ ਹੋਰ ਫੋਰਸਾਂ ਵਿਚ ਸਿੱਖ ਕੌਮ ਦੀ ਭਰਤੀ ਬਿਲਕੁਲ ਬੰਦ ਕਰ ਦਿੱਤੀ ਹੈ, ਇਹ ਅਮਲ ਵਿਧਾਨ ਦੀ ਧਾਰਾ 14 ਅਤੇ 19 ਦੀ ਘੋਰ ਉਲੰਘਣਾ ਹੈ । ਉਹਨਾਂ ਕਿਹਾ ਕਿ ਗਾਂਧੀ ਨੂੰ ਇਕ ਹਿੰਦੂ ਨੱਥੂ ਰਾਮ ਗੋਡਸੇ ਨੇ ਕਤਲ ਕਰ ਦਿੱਤਾ ਸੀ, ਉਸ ਸਮੇਂ ਤਾਂ ਦਿੱਲੀ ਦੀ ਪੁਲਿਸ ਜਾਂ ਹੋਰ ਫੋਰਸਾਂ ਵਿਚ ਹਿੰਦੂਆਂ ਦੀ ਭਰਤੀ ਬੰਦ ਨਹੀਂ ਕੀਤੀ ਗਈ । ਇਸ ਲਈ ਸ਼ੱਕ ਦੇ ਬਿਨ੍ਹਾਂ ਤੇ ਦਿੱਲੀ ਪੁਲਿਸ ਵਿਚ ਸਿੱਖਾਂ ਦੀ ਭਰਤੀ ਬੰਦ ਕਰ ਦੇਣਾ ਕੇਵਲ ਗੈਰ ਕਾਨੂੰਨੀ ਅਮਲ ਹੀ ਨਹੀ ਹਨ, ਇਹ ਸਿੱਖ ਕੌਮ ਨੂੰ ਬਅਤੇ ਗੁਲਾਮੀ ਦਾ ਅਹਿਸਾਸ ਕਰਵਾਉਣੇ ਵਾਲੇ ਹਨ ਜਿਸਦੇ ਨਤੀਜੇ ਕਦੀ ਵੀ ਸਾਰਥਿਕ ਨਹੀਂ ਨਿਕਲ ਸਕਦੇ। ਇਸ ਲਈ ਸਾਡੀ ਨਵੀਂ ਬਣਨ ਜਾ ਰਹੀ ਕੇਜਰੀਵਾਲ ਸਰਕਾਰ ਨੂੰ ਅਪੀਲ ਹੈ ਕਿ ਉਹ ਸਿੱਖਾਂ ਨੂੰ ਇਨਸਾਫ਼ ਦੇਣ ਲਈ ਅੱਗੇ ਆਉਣ ਅਤੇ ਆਪਣੀ ਕਥਨੀ ਅਤੇ ਕਰਨੀ ਦੇ ਧਨੀ ਬਣਨ।