ਸਾਦਿਕ, 27 ਅਕਤੂਬਰ (ਗੁਰਵਿੰਦਰ ਔਲਖ, ਗੁਲਜ਼ਾਰ ਮਦੀਨਾ)- ਕੇਂਦਰ ਦੀ ਭਜਪਾ ਸਰਕਾਰ ਨੇ ਲੋਕਾਂ ਨਾਲ ਚੋਣਾਂ ਸਮੇਂ ਜੋ ਵਾਅਦੇ ਕੀਤੇ ਸਨ ਕਿ ਮੋਦੀ ਜੀ ਅੱਛੇ ਦਿਨ ਲੈ ਕੇ ਆਉਣਗੇ ਆਦਿ ਨੂੰ ਪੂਰਾ ਕਰਨ ਵਿਚ ਸਰਕਾਰ ਨਕਾਮ ਰਹੀ ਹੈ ਬਲਕਿ ਨੋਟਬੰਦੀ ਕਰਕੇ ਅਤੇ ਜਲਦਬਾਜ਼ੀ ਵਿਚ ਜੀ.ਐਸ.ਟੀ ਲਾਗੂ ਕਰਕੇ ਮੋਦੀ ਸਰਕਾਰ ਨੇ ਛੋਟੇ ਵਪਾਰੀ ਵਰਗ ਨੂੰ ਤਬਾਹੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ । ਕਿਸਾਨਾਂ ਦੇ ਹੱਕ ਵਿਚ ਨਿੱਤਰੇ ਸੁਆਮੀ ਨਾਥਨ ਕਸ਼ਿਮਨ ਦੀ ਰਿਪੋਰਟ ਨੂੰ ਵੀ ਇਸ ਨੇ ਲਾਗੂ ਨਹੀਂ ਕੀਤਾ। ਇੱਥੋਂ ਤੱਕ ਕੇ 100ਦਿਨਾਂ ਵਿਚ ਵਿਦੇਸ਼ਾਂ ਤੋਂ ਕਾਲਾ ਧੰਨ ਵਾਪਿਸ ਲਿਆ ਕੇ ਆਮ ਲੋਕਾਂ ਦੇ ਖਾਤਿਆਂ ਵਿਚ ਪੈਸੇ ਜਮ੍ਹਾਂ ਕਰਵਾਉਣ ਦਾ ਲਾਰਾ ਲਾਉਣ ਵਾਲੀ ਮੋਦੀ ਸਰਕਾਰ ਵੱਡੇ ਕਾਰਪੋਰੇਟ ਘਰਾਣਿਆਂ ਦੀ ਪਿੱਠ ਠੋਕ ਰਹੀ ਹੈ। ਮੋਦੀ ਸਰਕਾਰ ਤੋਂ ਦੁਖੀ ਹੋ ਕੇ ਲੋਕਾਂ ਨੇ ਗੁਰਦਾਸਪੁਰ ਦੀ ਜ਼ਿਮਨੀ ਚੋਣ ਵਿਚ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੂੰ ਜਿਤਾ ਕੇ ਆਪਣਾ ਗੁੱਸਾ ਕੱਢਿਆ ਹੈ ਜੋ ਕਾਂਗਰਸ ਲਈ ਸ਼ੁੱਭ ਸੰਕੇਤ ਮੰਨਿਆ ਜਾ ਰਿਹਾ ਹੈ ਤੇ ਲੋਕ ਇਸ ਸਰਕਾਰ ਨੂੰ ਚਲਦਾ ਕਰਨ ਦਾ ਮਨ ਬਣਾਈ ਬੈਠੇ ਹਨ । ਹਿਮਾਚਲ ਪ੍ਰਦੇਸ਼ ਵਿਚ ਹੋਣ ਜਾ ਰਹੀਆਂ ਚੋਣਾਂ ਵਿਚ ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਸਟਾਰ ਪ੍ਰਚਾਰਕ ਲਾਇਆ ਹੈ ਜਿਸ ਨਾਲ ਕਾਂਗਰਸ ਨੂੰ ਹੋਰ ਬਲ ਮਿਲੇਗਾ। ਇਹ ਦਾਅਵਾ ਸੁਰਜੀਤ ਸਿੰਘ ਢਿੱਲੋਂ ਡੈਲੀਗੇਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਫ਼ਰੀਦਕੋਟ ਨੇ ਅਨਾਜ ਮੰਡੀ ਸਾਦਿਕ ਵਿਖੇ ਸਾਥੀਆਂ ਸਮੇਤ ਗੱਲਬਾਤ ਕਰਦਿਆਂ ਕੀਤਾ। ਇਸ ਸਮੇਂ ਉਹਨਾਂ ਕਿਹਾ ਕਿ ਆਉਣ ਵਾਲੀਆਂ ਪਾਰਲੀਮੈਂਟ ਦੀਆਂ ਚੋਣਾਂ ਵਿਚ ਕਾਂਗਰਸ ਸ਼ਾਨਦਾਰ ਜਿੱਤ ਹਾਸਿਲ ਕਰੇਗੀ। ਇਸ ਸਮੇਂ ਚਮਕੌਰ ਸਿੰਘ ਸੇਖੋਂ, ਬਲਦੇਵ ਸਿੰਘ ਸੰਧੂ ਬੁੱਟਰ, ਗੁਲਜੀਤ ਸਿੰਘ ਢਿੱਲੋਂ, ਵੀਰ ਸਿੰਘ ਢਿੱਲੋਂ, ਰਵੀ ਸ਼ਰਮਾਂ, ਬੂਟਾ ਸਿੰਘ, ਰਿੰਕੂ ਢਿੱਲੋਂ, ਹਰਮਨਜੀਤ ਸਿੰਘ ਢਿੱਲੋਂ ਆਦਿ ਵੀ ਹਾਜ਼ਰ ਸਨ।
ਗੁਰਦਾਸਪੁਰ ਦੀ ਜ਼ਿਮਨੀ ਚੋਣ ਵਿਚ ਹੋਈ ਜਿੱਤ ਕਾਂਗਰਸ ਲਈ ਸ਼ੁੱਭ ਸੰਕੇਤ : ਸੁਰਜੀਤ ਸਿੰਘ ਢਿੱਲੋਂ



