ਛਾਪੇਮਾਰੀ ਕਰਦਿਆ ਪੁਲਿਸ ਨੇ ਕੀਤਾ ਦੋ ਕਾਤਲਾਂ ਨੂੰ ਕਾਬੂ ’ਤੇ ਦੋ ਹਾਲੇ ਫਰਾਰ
ਫਿਰੋਜ਼ਪੁਰ, 13 ਅਕਤੂਬਰ (ਸਤਬੀਰ ਬਰਾੜ)- ਬੀਤੇ ਦਿਨੀਂ ਪਿੰਡ ਚੱਕ ਹਾਮਦ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਕੁਝ ਵਿਅਕਤੀ ਘਰੋਂ ਲੈ ਸੱਦ ਕੇ ਲੈ ਸ਼ਰਾਬ ਦੇ ਠੇਕੇ ਤੇ ਲੈ ਗਏ। ਜਿਥੇ ਉਕਤ ਵਿਅਕਤੀਆਂ ਨੇ ਸ਼ਰਾਬ ਵਿਚ ਜ਼ਹਿਰੀਲੀ ਚੀਜ਼ ਪਿਆ ਕੇ ਵਿਅਕਤੀ ਨੂੰ ਪਿਆ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧ ਵਿਚ ਪੁਲਿਸ ਨੇ ਚਾਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਵਧੇਰੇ ਜਾਣਕਾਰੀ ਦਿੰਦੀ ਹੋਈ ਮਨਜੀਤ ਕੌਰ ਪਤਨੀ ਮਲਕੀਤ ਸਿੰਘ ਵਾਸੀ ਚੱਕ ਹਾਮਦ ਥਾਣਾ ਆਰਫ ਕੇ ਨੇ ਦੱਸਿਆ ਕਿ ਉਸ ਦਾ ਪਤੀ ਮਲਕੀਤ ਸ਼ਰਾਬ ਪੀਣ ਦਾ ਆਦੀ ਹੈ। ਮਨਜੀਤ ਕੌਰ ਦੇ ਮੁਤਾਬਿਕ ਬੀਤੇ ਦਿਨੀਂ ਹਰਵਿੰਦਰ, ਕੁਲਦੀਪ, ਨਾਜ਼ਰ, ਗੁਰਦੇਵ ਅਤੇ ਹਰਵਿੰਦਰ ਸਿੰਘ ਮਲਕੀਤ ਨੂੰ ਘਰੋਂ ਸ਼ਰਾਬ ਪੀਣ ਦਾ ਬਹਾਨਾ ਬਣਾ ਕੇ ਆਪਣੇ ਨਾਲ ਲੈ ਗਏ। ਉਨ੍ਹਾਂ ਨੇ ਦੱਸਿਆ ਕਿ ਜਦੋਂ ਮਲਕੀਤ ਸਿੰਘ ਉਕਤ ਵਿਅਕਤੀਆਂ ਦੇ ਨਾਲ ਸ਼ਰਾਬ ਪੀ ਰਿਹਾ ਸੀ ਤਾਂ ਉਕਤ ਵਿਅਕਤੀਆਂ ਨੇ ਆਪਣੀ ਪੁਰਾਣੀ ਰੰਜਿਸ਼ ਦੇ ਚੱਲਦੇ ਹੋਏ ਸ਼ਰਾਬ ਦੇ ਵਿਚ ਕੋਈ ਜ਼ਹਿਰੀਲੀ ਚੀਜ਼ ਮਲਕੀਤ ਸਿੰਘ ਨੂੰ ਪਿਆ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਨਜੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਹਰਵਿੰਦਰ ਸਿੰਘ ਪੁੱਤਰ ਹੰਸਾ ਸਿੰਘ, ਹਰਵਿੰਦਰ ਸਿੰਘ ਪੁੱਤਰ ਕਾਲਾ ਸਿੰਘ, ਕੁਲਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀਅਨ ਚੱਕ ਹਾਮਦ ਆਰਿਫ ਕੇ, ਨਾਜ਼ਰ ਸਿੰਘ ਪੁੱਤਰ ਬੈਕਾਂ ਸਿੰਘ ਅਤੇ ਗੁਰਦੇਵ ਸਿੰਘ ਉਰਫ ਦੇਬਾ ਪੁੱਤਰ ਕਾਬਲ ਸਿੰਘ ਵਾਸੀ ਝੁੱਗੇ ਵਾਲਾ ਥਾਣਾ ਆਰਫ ਕੇ ਦੇ ਖਿਲਾਫ 302, 149 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਹੁਣ ਤੱਕ ਇਸ ਕੇਸ ਵਿਚ ਨਾਜ਼ਰ ਸਿੰਘ ਅਤੇ ਗੁਰਦੇਵ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।



