ਚੰਡੀਗੜ੍ਹ, 13 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਸਾਬਕਾ ਉਪ ਮੁਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਜ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਬੇਨਤੀ ਕੀਤੀ ਹੈ ਕਿ ਉਹ ਪੰਜਾਬ ਵਿਚ ਕੌਮੀ ਸ਼ਾਹ-ਮਾਰਗਾਂ ਉਤੇ ਸਾਰੇ ਸਾਈਨ-ਬੋਰਡ ਪੰਜਾਬੀ ਵਿਚ ਲਿਖਵਾਏ ਜਾਣਾ ਯਕੀਨ ਬਣਾਉਣ।ਇਸ ਸੰਬੰਧੀ ਸ੍ਰੀ ਗਡਕਰੀ ਨੂੰ ਇਕ ਪਤਰ ਲਿਖਦਿਆਂ ਸਰਦਾਰ ਬਾਦਲ ਨੇ ਕਿਹਾ ਹੈ ਕਿ ਕਿੰਨੇ ਅਫਸੋਸ ਦੀ ਗਲ ਹੈ ਕਿ ਸੂਬੇ ਅੰਦਰ ਕੌਮੀ ਸ਼ਾਹ-ਮਾਰਗਾਂ ਦੇ ਸਾਈਨ-ਬੋਰਡਾਂ ਉਤੇ ਪੰਜਾਬੀ ਨੂੰ ਪਹਿਲ ਨਹੀਂ ਦਿਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਸ ਖਾਮੀ ਨੂੰ ਤੁਰੰਤ ਸੁਧਾਰਨ ਲਈ ਲੋੜੀਦੇ ਨਿਰਦੇਸ਼ ਜਾਰੀ ਕਰੋ।ਸਾਬਕਾ ਉਪ ਮੁਖ ਮੰਤਰੀ ਨੇ ਕਿਹਾ ਕਿ ਸਾਈਨ ਬੋਰਡਾਂ ਉਤੇ ਪੰਜਾਬੀ ਭਾਸ਼ਾ ਦੀ ਕੀਤੀ ਜਾ ਰਹੀ ਅਣਗਹਿਲੀ ਨੇ ਸਿਰਫ ਉੁਹਨਾਂ ਲੋਕਾਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਈ ਹੈ, ਜਿਹੜੇ ਮਹਿਸੂਸ ਕਰਦੇ ਹਨ ਕਿ ਸਾਈਨ-ਬੋਰਡ ਉਹਨਾਂ ਦੀ ਮਾਂ-ਬੋਲੀ ਵਿਚ ਲਿਖੇ ਹੋਣੇ ਚਾਹੀਦੇ ਹਨ, ਸਗੋਂ ਇਹ ਅਸੁਵਿਧਾ ਵੀ ਪੈਦਾ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀ ਵਿਚ ਲਿਖੇ ਸਾਈਨ ਬੋਰਡਾਂ ਨੂੰ ਪੜ੍ਹਣਾ ਪੰਜਾਬੀਆਂ ਲਈ ਵਧ ਆਸਾਨ ਹੋਵੇਗਾ ਕਿਉਂਕਿ ਸੂਬੇ ਦੀਆਂ ਸੜਕਾਂ ਉਤੇ ਸਫਰ ਕਰਨ ਵਾਲੇ ਬਹੁਗਿਣਤੀ ਯਾਤਰੀ ਪੰਜਾਬੀ ਹੀ ਹਨ।ਇਹ ਆਖਦਿਆਂ ਕਿ ਪੰਜਾਬੀ ਨੂੰ ਰਾਜ ਭਾਸ਼ਾ ਵਜੋਂ ਬਣਦਾ ਸਤਿਕਾਰ ਮਿਲਣਾ ਚਾਹੀਦਾ ਹੈ, ਸਰਦਾਰ ਬਾਦਲ ਨੇ ਕਿਹਾ ਕਿ ਅਸੀਂ ਕਿਸੇ ਵੀ ਭਾਸ਼ਾ ਦੇ ਖ਼ਿਲਾਫ ਨਹੀਂ ਹਾਂ, ਪਰ ਇਹ ਮਹਿਸੂਸ ਕਰਦੇ ਹਾਂ ਕਿ ਪੰਜਾਬੀਆਂ ਦੇ ਜਜ਼ਬਾਤਾਂ ਨੂੰ ਵੀ ਲੋੜੀਂਦਾ ਸਤਿਕਾਰ ਮਿਲਣਾ ਚਾਹੀਦਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਕੌਮੀ ਸ਼ਾਹ ਮਾਰਗਾਂ ਉਤੇ ਸਾਰੇ ਸਾਈਨ ਬੋਰਡ ਤਰਤੀਬਵਾਰ ਉਪਰ ਤੋਂ ਥਲੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੇ ਹੋਣੇ ਚਾਹੀਦੇ ਹਨ।ਅਕਾਲੀ ਸੁਪਰੀਮੋ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰੀ ਭਾਸ਼ਾ ਐਕਟ,1963 ਵਿਚ ਇਹ ਦਰਜ ਹੈ ਕਿ ਸਾਰੇ ਸਰਕਾਰੀ ਸਾਈਨ ਬੋਰਡਾਂ ਉਤੇ ਪੰਜਾਬੀ ਸਭ ਤੋਂ ਉਪਰ ਲਿਖੀ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਸ ਗਲ ਨੂੰ ਧਿਆਨ ਵਿਚ ਰਖਦਿਆਂ ਨੈਸ਼ਨਲ ਹਾਈਵੇਅ ਅਥਾਰਟੀ ਦੇ ਸਾਰੇ ਸਾਈਨ ਬੋਰਡ ਸਰਕਾਰੀ ਭਾਸ਼ਾ ਐਕਟ ਦੇ ਅਨੁਸਾਰ ਹੀ ਹੋਣੇ ਚਾਹੀਦੇ ਹਨ।ਉਹ ਭਰੋਸਾ ਜਤਾਇਆ ਕਿ ਕੇਂਦਰੀ ਆਵਾਜਾਈ ਮੰਤਰਾਲਾ ਇਸ ਮੁਦੇ ਨੂੰ ਲੋੜੀਂਦੀ ਅਹਿਮੀਅਤ ਦੇਵੇਗਾ ਅਤੇ ਪੰਜਾਬ ਵਿਚ ਸਾਰੇ ਸਾਈਨ ਬੋਰਡ ਪੰਜਾਬੀ ਭਾਸ਼ਾ ਵਿਚ ਲਿਖੇ ਜਾਣਾ ਯਕੀਨੀ ਬਣਾਏਗਾ।
ਸੁਖਬੀਰ ਬਾਦਲ ਵੱਲੋਂ ਕੌਮੀ ਸ਼ਾਹ-ਮਾਰਗਾਂ ’ਤੇ ਪੰਜਾਬੀ ਵਿਚ ਸਾਈਨ ਬੋਰਡ ਲਗਵਾਉਣ ਲਈ ਗਡਕਰੀ ਨੂੰ ਪੱਤਰ



