ਚੰਡੀਗੜ੍ਹ, 9 ਦਸੰਬਰ (ਵਿਸ਼ਵ ਵਾਰਤਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕੁਝ ਮੰਤਰੀਆਂ ਸਮੇਤ ਸੀਨੀਅਰ ਅਕਾਲੀ ਆਗੂਆਂ ਖਿਲਾਫ ਦਰਜ਼ ਅਪਰਾਧਿਕ ਮਾਮਲਿਆਂ ਨੂੰ ਰੱਦ ਕੀਤੇ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਕਾਂਗਰਸੀ ਆਗੂਆਂ ਖਿਲਾਫ ਸਿਆਸੀ ਦੁਸ਼ਮਣੀ ਕੱਢਣ ਦਾ ਦੋਸ਼ ਲਗਾਇਆ ਹੈ। ਇਥੇ ਜਾਰੀ ਬਿਆਨ ‘ਚ ਬਾਜਵਾ ਨੇ ਕਿਹਾ ਹੈ ਕਿ ਪਹੇਲੀਨੁਮਾ ਹੈ ਕਿ ਕਿਵੇਂ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਸਾਰੇ ਮੰਤਰੀਆਂ ਤੇ ਸੀਨੀਅਰ ਅਕਾਲੀ ਆਗੂਆਂ ਨੂੰ ਕਲੀਨ ਚਿੱਟ ਦੇ ਦਿੱਤੀ, ਜਦਕਿ ਕਾਂਗਰਸੀ ਆਗੂਆਂ ਨੂੰ ਪੁਲਿਸ ਵੱਲੋਂ ਦਰਜ ਝੂਠੇ ਮਾਮਲਿਆਂ ਤਹਿਤ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਹੈਰਾਨੀਜਨਕ ਖੁਲਾਸਾ ਭਾਰਤੀ ਚੋਣ ਕਮਿਸ਼ਨ ਵੱਲੋਂ ਅਕਾਲੀ ਭਾਜਪਾ ਸਰਕਾਰ ਪਾਸੋਂ ਲੰਬਿਤ ਅਪਰਾਧਿਕ ਮਾਮਲਿਆਂ ਬਾਰੇ ਪੁੱਛਣ ‘ਤੇ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ, ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਚੀਫ ਪਾਰਲੀਮਾਨੀ ਸਕੱਤਰ ਇੰਦਰਬੀਰ ਸਿੰਘ ਬੁਲੇਰੀਆ ਤੇ ਅਮਰਪਾਲ ਸਿੰਘ ਬੋਨੀ, ਅਕਾਲੀ ਆਗੂ ਅਲਵਿੰਦਰ ਪਾਲ ਸਿੰਘ ਪਖੋਕੇ ਤੇ ਵਿਧਾਨਕਾਰ ਜੋਗਿੰਦਰਪਾਲ ਜੈਨ ਖਿਲਾਫ ਲੰਬਿਤ ਕੇਸਾਂ ਨੂੰ ਰੱਦ ਕਰ ਦਿੱਤਾ ਗਿਆ ਜਾਂ ਫਿਰ ਅਨਟ੍ਰੇਸ ਦਰਸਾਇਆ ਗਿਆ ਹੈ। ਬੀਬੀ ਜਗੀਰ ਕੌਰ ਤੇ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖੈਹਰਾ ਨੂੰ ਉਨ੍ਹਾਂ ਦੇ ਬੇਟੇ ਨੂੰ ਆਈ.ਪੀ.ਸੀ ਦੀਆਂ ਧਾਰਾਵਾਂ 336, 160, 427, 148, 149 ਤੇ 188 ਤਹਿਤ ਸਮਾਨ ਮਾਮਲੇ ਦਰਜ਼ ਕੀਤੇ ਗਏ ਸਨ। ਪੁਲਿਸ ਨੇ ਬੀਬੀ ਜਗੀਰ ਕੌਰ ਦੇ ਕੇਸ ਨੂੰ ਰੱਦ ਕਰਨ ਸਬੰਧੀ ਰਿਪੋਰਟ ਅਤੇ ਖੈਹਰਾ ਖਿਲਾਫ ਚਾਰਜਸ਼ੀਟ ਫਾਇਲ ਕੀਤੀ ਗਈ। ਬਾਜਵਾ ਨੇ ਕਿਹਾ ਕਿ 2009 ਪਾਰਲੀਮੈਂਟ ਚੋਣਾਂ ਦੌਰਾਨ ਕਾਂਗਰਸੀ ਵਰਕਰਾਂ ‘ਤੇ ਬਿਕ੍ਰਮ ਸਿੰਘ ਮਜੀਠੀਆ ਦੀ ਅਗਵਾਈ ਵਾਲੇ ਅਕਾਲੀ ਵਰਕਰਾਂ ਨੇ ਤਲਵੰਡੀ ਸਾਬੋ ਨੇੜੇ ਹਮਲਾ ਕੀਤਾ ਸੀ। ਉਸ ਦੇ ਖਿਲਾਫ 7 ਮਈ, 2002 ਨੂੰ ਹੱਤਿਆ ਦੀ ਕੋਸ਼ਿਸ਼ ਦੀ ਧਾਰਾ 307 ਤੇ ਆਰਮਜ ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ ਅਤੇ ਪੁਲਿਸ ਨੇ ਅਦਾਲਤ ‘ਚ ਟਰੇਸੇਬਲ ਰਿਪੋਰਟ ਨਹੀਂ ਫਾਇਲ ਕੀਤੀ। ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕਾਂਗੜ ਨੂੰ 11 ਜਨਵਰੀ, 2012 ‘ਚ ਆਈ.ਪੀ.ਸੀ ਦੀ ਧਾਰਾ 307 ਤਹਿਤ ਵੀ ਮਾਮਲਾ ਦਰਜ਼ ਕੀਤਾ ਗਿਆ ਸੀ, ਜਦਕਿ ਉਹ ਮੌਕੇ ‘ਤੇ ਮੌਜ਼ੂਦ ਨਹੀਂ ਸੀ। ਉਹ ਅਦਾਲਤ ‘ਚ ਟਰਾਇਲ ਦਾ ਸਾਹਮਣਾ ਕਰ ਰਹੇ ਸਨ। ਬਾਜਵਾ ਨੇ ਕਿਹਾ ਕਿ ਅਕਾਲੀ ਆਗੂਆਂ ਖਿਲਾਫ ਦਰਜ ਮਾਮਲੇ ਰੱਦ ਕਰਨ ਅਤੇ ਕਾਂਗਰਸੀ ਆਗੂਆਂ ਦੇ ਮਾਮਲੇ ਅੱਗੇ ਵਧਾ ਦਿੱਤੇ ਗਏ। ਉਨ੍ਹਾਂ ਨੇ ਭਾਰਤੀ ਚੋਣ ਕਮਿਸ਼ਨ ਨੂੰ ਅਕਾਲੀ ਭਾਜਪਾ ਵੱਲੋਂ ਕਾਂਗਰਸੀ ਆਗੂਆਂ ਖਿਲਾਫ ਦਰਜ਼ ਕੇਸਾਂ ‘ਚ ਨੋਟਿਸ ਲੈਣ ਅਤੇ ਬਿਨ੍ਹਾਂ ਟਰਾਇਲ ਰੱਦ ਕੀਤੇ ਮਾਮਲਿਆਂ ‘ਤੇ ਸੂਬਾ ਪੁਲਿਸ ਤੋਂ ਜਵਾਬ ਮੰਗਣ ਦੀ ਅਪੀਲ ਕੀਤੀ ਗਈ ਹੈ। ਬਾਜਵਾ ਨੇ ਕਿਹਾ ਕਿ ਇਹ ਸਾਫ ਤੌਰ ‘ਤੇ ਸਿਆਸੀ ਦੁਸ਼ਮਣੀ ਦਾ ਮਾਮਲਾ ਹੈ ਅਤੇ ਇਸ ਨਾਲ ਬਾਦਲ ਦੇ ਸਿਆਸੀ ਦੁਸ਼ਮਣੀ ਖਿਲਾਫ ਹੋਣ ਸਬੰਧੀ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਬਾਦਲ ਸੁਵਿਧਾ ਮੁਤਾਬਿਕ ਵੱਖ ਵੱਖ ਸਿਆਸੀ ਖਿਲਾਫ ਰਵੱਈਆ ਅਪਣਾ ਰਹੇ ਹਨ। ਉਨ੍ਹਾਂ ਨੇ ਚੋਣਾਂ ਦੌਰਾਨ ਦਰਜ ਕਾਂਗਰਸੀ ਮਾਮਲਿਆਂ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਹੈ।