June 24, 2026 2:18 pm

ਹੰਗਾਮਿਆਂ ਭਰਪੂਰ ਰਿਹਾ ਸੰਸਦ ਇਜਲਾਸ ਦਾ ਪਹਿਲਾ ਕੰਮਕਾਜੀ ਦਿਨ

ਨਵੀਂ ਦਿੱਲੀ, 9 ਦਸੰਬਰ (ਪੰਜਾਬ ਟਾਇਮਜ਼ ਬਿਊਰੋ) – ਸਪੈਕਟ੍ਰਮ ਘੁਟਾਲੇ ‘ਤੇ ਪੇਸ਼ ਕੀਤੀ ਸਾਂਝੀ ਸੰਸਦੀ ਕਮੇਟੀ ਰਿਪੋਰਟ, ਮਹਿੰਗਾਈ, ਤੇਲੰਗਾਨਾ ਤੇ ਮੁਜ਼ੱਫਰਨਗਰ ਰਾਹਤ ਕੈਂਪਾਂ ‘ਚ ਬੱਚਿਆਂ ਦੀ ਠੰਢ ਨਾਲ ਹੋਈ ਮੌਤ ਨੂੰ ਲੈ ਕੇ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਸੰਸਦ ਦੀ ਕਾਰਵਾਈ ‘ਚ ਵਾਰ-ਵਾਰ ਵਿਘਨ ਪਾਉਣ ਕਾਰਨ ਸੰਸਦ ਦੀ ਕਾਰਵਾਈ ਕਈ ਵਾਰ ਰੋਕਣੀ ਪਈ, ਜਿਸ ਨੂੰ ਬਾਅਦ ਵਿਚ ਪੂਰੇ ਦਿਨ ਲਈ ਉਠਾ ਦਿੱਤਾ ਗਿਆ। ਲੋਕ ਸਭਾ ਤੇ ਰਾਜ ਸਭਾ ਦੀਆਂ ਬੈਠਕਾਂ ਜਿਉਂ ਹੀ ਸ਼ੁਰੂ ਹੋਈਆਂ ਤਾਂ ਤੇਲਗੂ ਦੇਸਮ ਪਾਰਟੀ, ਖੱਬੀਆਂ ਪਾਰਟੀਆਂ ਤੇ ਬਸਪਾ ਦੇ ਮੈਂਬਰ ਸਦਨ ਦੇ ਵਿਚਕਾਰ ਆ ਗਏ ਤੇ ਉਨ੍ਹਾਂ ਵੱਖ-ਵੱਖ ਮੰਗਾਂ ਉਠਾਉਣੀਆਂ ਸ਼ੁਰੂ ਕਰ ਦਿੱਤੀਆਂ। ਦੋਵੇਂ ਸਦਨ ਨਾਅਰੇਬਾਜ਼ੀ ਦੌਰਾਨ ਦੋ ਵਾਰ ਉਠਾਉਣੇ ਪਏ। ਰਾਜ ਸਭਾ ‘ਚ ਵੀ ਬਸਪਾ ਮੈਂਬਰ ਸਦਨ ਦੇ ਵਿਚਕਾਰ ਆ ਗਏ ਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਉਨ੍ਹਾਂ ਅਖ਼ਬਾਰਾਂ ਦੀਆਂ ਰਿਪੋਰਟਾਂ ਦਿਖਾਉਂਦੇ ਹੋਏ ਕਿਹਾ ਕਿ ਮੁਜ਼ੱਫਰਨਗਰ ਦੇ ਰਾਹਤ ਕੈਂਪਾਂ ਵਿੱਚ ਬੱਚਿਆਂ ਦੀ ਮੌਤ ਹੋ ਗਈ ਹੈ। ਸਮਾਜਵਾਦੀ ਪਾਰਟੀ ਦੇ ਮੈਂਬਰਾਂ ਨੇ ਮਹਿੰਗਾਈ ਦਾ ਮੁੱਦਾ ਉਠਾਇਆ ਪਰ ਰੌਲੇ ਰੱਪੇ ਕਾਰਨ ਕੁਝ ਵੀ ਸੁਣਾਈ ਨਾ ਦਿੱਤਾ। ਤੇਲਗੂ ਦੇਸਮ ਪਰਟੀ ਦੇ ਮੈਂਬਰ ਵੀ ਸਦਨ ਦੇ ਵਿਚਕਾਰ ਆ ਗਏ ਤੇ ਉਨ੍ਹਾਂ ਸੰਯੁਕਤ ਆਂਧਰਾ ਪ੍ਰਦੇਸ਼ ਦੇ ਪੱਖ ਵਿੱਚ ਤਖਤੀਆਂ ਦਿਖਾਈਆਂ। ਸਭਾਪਤੀ ਹਾਮਿਦ ਅੰਸਾਰੀ ਨੇ ਮੈਂਬਰਾਂ ਨੂੰ ਬੈਨਰ ਨਾ ਦਿਖਾਉਣ ਤੇ ਆਪਣੀਆਂ ਸੀਟਾਂ ‘ਤੇ ਬੈਠਣ ਲਈ ਕਿਹਾ ਪਰ ਮੈਂਬਰਾਂ ‘ਤੇ ਕੋਈ ਅਸਰ ਨਾ ਹੋਇਆ, ਜਿਸ ਕਾਰਨ ਉਨ੍ਹਾਂ ਸਦਨ ਨੂੰ ਦੁਪਹਿਰ ਤੱਕ ਉਠਾ ਦਿੱਤਾ। ਜਦੋਂ ਸਦਨ ਦੀ ਫਿਰ ਬੈਠਕ ਸ਼ੁਰੂ ਹੋਈ ਤਾਂ ਰੌਲਾ-ਰੱਪਾ ਜਾਰੀ ਰਿਹਾ, ਜਿਸ ਕਾਰਨ ਸਦਨ ਦੀ ਕਾਰਵਾਈ ਚਲਾ ਰਹੇ ਸਭਾਪਤੀ ਪੀ. ਜੇ ਕੁਰੀਅਨ ਨੇ ਸਦਨ ਨੂੰ ਦੁਪਹਿਰ ਬਾਅਦ ਤਕ ਉਠਾ ਦਿੱਤਾ।

Send this to a friend