ਸਿੰਗਾਪੁਰ, 9 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-ਸਿੰਗਾਪੁਰ ਵਿੱਚ ਇੱਕ ਭਾਰਤੀ ਵਰਕਰ ਦੀ ਐਤਵਾਰ ਨੂੰ ਬੱਸ ਨਾਲ ਹੋਈ ਟੱਕਰ ਕਾਰਨ ਮੌਤ ਹੋ ਜਾਣ ਤੋਂ ਬਾਅਦ ਭੜਕੀ ਹਿੰਸਾ ‘ਚ 400 ਤੋਂ ਜ਼ਿਆਦਾ ਲੋਕਾਂ ਦਾ ਪੁਲਿਸ ਨਾਲ ਸੰਘਰਸ਼ ਹੋਇਆ, ਜਿਸ ‘ਚ 10 ਪੁਲਿਸ ਕਰਮਚਾਰੀ ਜ਼ਖਮੀ ਹੋ ਗਏ। ਭੜਕੀ ਭੀੜ ਨੇ ਵਾਹਨਾਂ ਨੂੰ ਅੱਗ ਲਾ ਦਿੱਤੀ। ਇਸ ਮਾਮਲੇ ਵਿੱਚ ਪੁਲਸ ਨੇ 27 ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ।

ਪੁਲਿਸ ਨੇ ਦੱਸਿਆ ਕਿ 33 ਸਾਲ ਦੇ ਇੱਕ ਭਾਰਤੀ ਵਰਕਰ ਦੀ ਨਿੱਜੀ ਵਾਹਨ ਨਾਲ ਟੱਕਰ ਤੋਂ ਬਾਅਦ ਲਿਟਲ ਇੰਡੀਆ ਇਲਾਕੇ ‘ਚ ਹਿੰਸਾ ਭੜ ਗਈ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਏਨ ਲੂੰਗ ਨੇ ਹਿੰਸਾ ਦੀ ਇਸ ਘਟਨਾ ਨੂੰ ਬੇਹੱਦ ਨਿਰਾਸ਼ਾਜਨਕ ਦੱਸਿਆ ਹੈ। ਉਨ੍ਹਾਂ ਨੇ ਟਵਿਟਰ ‘ਤੇ ਲਿਖਿਆ ਚਾਹੇ ਕਿਸੇ ਵੀ ਕਾਰਨ ਹਿੰਸਾ ਭੜਕੀ ਹੋਵੇ ਪਰ ਇਸ ਨੂੰ ਕਿਸੇ ਤਰ੍ਹਾਂ ਨਾਲ ਜ਼ਾਇਜ ਨਹੀਂ ਠਹਿਰਾਇਆ ਜਾ ਸਕਦਾ। ਅਸੀਂ ਅਜਿਹੀ ਹਿੰਸਕ ਘਟਨਾਵਾਂ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਮੁਆਫ ਨਹੀਂ ਕਰਾਂਗੇ। ਸਿੰਗਾਪੁਰ ਦੀ ਸਿਵਲ ਡਿਫੈਂਸ ਫੋਰਸ ਵੱਲੋਂ ਜਾਰੀ ਬਿਆਨ ‘ਚ ਦੱਸਿਆ ਗਿਆ ਕਿ ਭੜਕੀ ਭੀੜ ਨੇ ਤਿੰਨ ਪੁਲਿਸ ਵਾਹਨਾਂ, ਇੱਕ ਐਂਬੂਲੈਂਸ ਅਤੇ ਇੱਕ ਮੋਟਰਸਾਇਕਲ ਨੂੰ ਅੱਗ ਲਾ ਦਿੱਤੀ। ਸਿੰਗਾਪੁਰ ‘ਚ ਹਿੰਸਾ ਦੀ ਕਿਸੇ ਵੀ ਘਟਨਾ ਲਈ ਸਖਤ ਸਜ਼ਾ ਦਾ ਨਿਯਮ ਹੈ। ਇਥੇ ਅਜਿਹੇ ਕੰਮ ਵਿੱਚ ਸ਼ਾਮਿਲ ਲੋਕਾਂ ਨੂੰ ਸੱਤ ਸਾਲ ਦੀ ਸਜ਼ਾ ਹੋ ਸਕਦੀ ਹੈ। ਅਜਿਹੇ ਵਿੱਚ ਇਥੇ ਹੋਈ ਹਿੰਸਾ ਦੀ ਇਹ ਇੱਕ ਭਿਆਨਕ ਘਟਨਾ ਹੈ ਜਦੋਂ ਕਿ ਬਾਹਰੀ ਵਰਕਰਾਂ ਦੇ ਦਰਮਿਆਨ ਰੋਸ ਦੇ ਕਾਰਨ ਹੋਏ ਵਿਦਰੋਹ ਵਿੱਚ ਪਿਛਲੇ ਸਾਲ ਸਭ ਤੋਂ ਹਿੰਸਾ ਭੜਕੀ ਸੀ। ਇਸ ਦੌਰਾਨ ਲਗਭਗ 170 ਬੱਸ ਡਰਾਇਵਰ ਹੜਤਾਲ ‘ਤੇ ਚਲ ਗਏ ਸਨ। ਸਿੰਗਾਪੁਰ ਦੇ ਉਪ ਰਾਸ਼ਟਰਪਤੀ ਤਿਓ ਚੀ ਹਿਯਾਨ ਨੇ ਕਿਹਾ ਕਿ ਇਹ ਹਿੰਸਾ ਦੀ ਇੱਕ ਗੰਭੀਰ ਘਟਨਾ ਹੈ, ਜਿਸ ‘ਚ ਲੋਕ ਜ਼ਖਮੀ ਹੋਏ ਹਨ ਅਤੇ ਜਨਤਕ ਜਾਈਦਾਦ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਲੋਕਾਂ ਨੂੰ ਫੜਨ ਲਈ ਕੋਈ ਅਣਲੋੜੀਂਦੀ ਫੋਰਸ ਦਾ ਪ੍ਰਯੋਗ ਨਹੀਂ ਕੀਤਾ।