ਅੰਮ੍ਰਿਤਸਰ, 10 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਉਤਰ ਦੀ ਤਰਫ਼ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਦੀਵੀ ਯਾਦ ’ਚ ਗੁਰਦੁਆਰਾ ਥੜ੍ਹਾ ਸਾਹਿਬ ਦੇ ਨਵ ਨਿਰਮਾਣ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਕਾਰਜ ਜੰਗੀ ਪੱਧਰ ’ਤੇ ਚਲ ਰਿਹਾ ਹੋਣ ਕਾਰਨ ਸੰਭਵ ਹੈ ਕਿ ਅਗਲੇ ਮਹੀਨੇ ਨਵੰਬਰ ਤਕ ਇਸ ਦੀ ਕਾਰਸੇਵਾ ਮੁਕੰਮਲ ਕਰ ਲਿਆ ਜਾਵੇਗਾ। ਕਾਰਸੇਵਾ ਕਰਾ ਰਹੇ ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖ਼ਾਲਸਾ ਵੱਲੋਂ ਇਸ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਰਕੇ ਸੰਗਤ ਨੂੰ ਇਸ ਦੇ ਦਰਸ਼ਨ ਦੀਦਾਰੇ ਲਈ ਸਮਰਪਿਤ ਕਰਦਿਆਂ ਇਸ ਦੀਆਂ ਚਾਬੀਆਂ ਸ਼੍ਰੋਮਣੀ ਕਮੇਟੀ ਹਵਾਲੇ ਕਰ ਦਿੱਤੀਆਂ ਜਾਣਗੀਆਂ। ਗੁਰਦਵਾਰਾ ਥੜ੍ਹਾ ਸਾਹਿਬ ਦੀ ਕਾਰਸੇਵਾ ਕਰਾ ਰਹੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਇਮਾਰਤ ਦੀ ਉਸਾਰੀ ਦਾ ਮੁਆਇਨਾ ਕਰਨ ਦੌਰਾਨ ਹੁਨਰਮੰਦਾਂ ਵੱਲੋਂ ਪੂਰੀ ਸ਼ਰਧਾ, ਲਗਨ ਅਤੇ ਮਿਹਨਤ ਨਾਲ ਤਿਆਰ ਕੀਤੀ ਗਈ ਇੱਕ ਪੱਚਾਗਿਰੀ ਵਲ ਧਿਆਨ ਦਿਵਾਉਂਦਿਆਂ ਦੱਸਿਆ ਕਿ ਗੁਰੂ ਸਾਹਿਬਾਨ ਜਿੱਥੇ ਵੀ ਜਾਂਦੇ ਹਨ ਉਥੇ ਹੀ ਸਮਾਜਕ ਸਰੋਕਾਰਾਂ ਨੂੰ ਮੁੱਖ ਰੱਖਦਿਆਂ ਖੂਹ ਪੁਟਵਾਉਂਦੇ ਅਤੇ ਛਾਂ ਲਈ ਰੁੱਖ ਲਵਾਉਂਦੇ ਸਨ, ਉਸੇ ਪਰਉਪਕਾਰੀ ਕਾਰਜਾਂ ਦੀ ਸਦੀਵੀ ਯਾਦ ਕਾਇਮ ਰੱਖਦਿਆਂ ਉਕਤ ਮੀਨਾਕਾਰੀ ’ਚ ਵਗਦਾ ਖੂਹ, ਰੁਖ ਅਤੇ ਪਸ਼ੂ ਪੰਛੀ ਨਜ਼ਰ-ਏ-ਇਨਾਇਤ ਕੀਤੇ ਗਏ ਹਨ। ਸੰਤ ਹਰਨਾਮ ਸਿੰਘ ਖ਼ਾਲਸਾ ਨੇ ਦੱਸਿਆ ਕਿ ਜਥੇਦਾਰ ਜਰਨੈਲ ਸਿੰਘ ਦੀ ਦਿਨ ਰਾਤ ਸੇਵਾ ਅਤੇ ਇੰਜੀਨੀਅਰ ਸ: ਹਰਭਜਨ ਸਿੰਘ ਦੀ ਮਿਹਨਤ ਸਦਕਾ ਨਵ ਨਿਰਮਾਣ ਦਾ ਵੱਡਾ ਕਾਰਜ ਥੋੜ੍ਹੇ ਸਮੇਂ ਵਿੱਚ ਹੀ ਸੰਪੰਨ ਹੋਣ ਜਾ ਰਿਹਾ ਹੈ।ਉਹਨਾਂ ਕਾਰਸੇਵਾ ਪ੍ਰਤੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਦਿੱਤੇ ਗਏ ਸਹਿਯੋਗ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਕਾਰਸੇਵਾ ਲਈ ਤਨ ਮਨ ਅਤੇ ਧਨ ਨਾਲ ਪਾਏ ਗਏ ਯੋਗਦਾਨ ਲਈ ਧੰਨਵਾਦ ਕੀਤਾ ਹੈ।
ਦਮਦਮੀ ਟਕਸਾਲ ਵੱਲੋਂ ਗੁਰਦੁਆਰਾ ਥੜ੍ਹਾ ਸਾਹਿਬ ਦੇ ਨਵ ਨਿਰਮਾਣ ਨੂੰ ਅੰਤਿਮ ਛੋਹਾਂ



