ਸ੍ਰੀ ਅਨੰਦਪੁਰ ਸਾਹਿਬ, 2 ਅਕਤੂਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਪੰਜਾਬ ਕਾਂਗਰਸ ਨੇ ਪਹਿਲੀ ਵਾਰ ਸੁੱਚਾ ਸਿੰਘ ਲੰਗਾਹ ਦੇ ਮਾਮਲੇ ‘ਚ ਤਖਤਾਂ ਦੇ ਜਥੇਦਾਰ ਸਹਿਬਾਨ ਨੂੰ ਅਪੀਲ ਕੀਤੀ ਕਿ ਅੰਮ੍ਰਿਤਧਾਰੀ ਸ਼੍ਰੋਮਣੀ ਕਮੇਟੀ ਮੈਂਬਰ ਹੀ ਨਹੀਂ ਬਲਕਿ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਹੁਣ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ‘ਚੋ ਛੇਕਣ ਦਾ ਫੈਸਲਾ ਸੁਣਾ ਕੇ ਆਪਣੀ ਅੱਡਰੀ ਤੇ ਨਿਰਪੱਖ ਹੋਂਦ ਹਸਤੀ ਦਾ ਸਬੂਤ ਸਮੁੱਚੀ ਕੌਮ ਨੂੰ ਦੇਣਾ ਚਾਹੀਦਾ ਹੈ। ਬੀਤੀ ਦੇਰ ਸ਼ਾਮ ਸਥਾਨਕ ਰਾਮਲੀਲਾ ਕਮੇਟੀ ਵੱਲੋਂ ਕਰਵਾਏ ਗਏ ਸਮਾਗਮ ‘ਚ ਸ਼ਿਰਕਤ ਕਰਨ ਦੇ ਲਈ ਪਹੁੰਚੇ ਪੰਜਾਬ ਕਾਂਗਰਸ ਦੇ ਬੁਲਾਰੇ ਤੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜੋ ਕਰਤੂਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁੱਚਾ ਸਿੰਘ ਲੰਗਾਹ ਵੱਲੋਂ ਕੀਤੀ ਗਈ ਹੈ ਉਸ ਨਾਲ ਸਮੁੱਚੀ ਸਿੱਖ ਕੌਮ ਤਾਂ ਕੀ ਬਲਕਿ ਪੰਜਾਬ ਤੇ ਪੰਜਾਬੀਅਤ ਵਿਸ਼ਵ ਭਰ ‘ਚ ਸ਼ਰਮਸਾਰ ਹੋਈ ਹੈ। ਢਿੱਲੋਂ ਨੇ ਕਿਹਾ ਕਿ ਬੇਸ਼ੱਕ ਮੈਂ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਚੋਣ ਹਾਰ ਗਿਆ ਪਰ ਸੂਬੇ ਅੰਦਰ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਹੀ ਬਣੀ ਹੈ। ਰੂਪਨਗਰ ਹਲਕੇ ਅਤੇ ਸ੍ਰੀ ਆਨੰਦਪੁਰ ਸਾਹਿਬ ਹਲਕੇ ‘ਚ ਕੋਈ ਖਾਸ ਫਰਕ ਨਹੀਂ ਹੈ ਨਾਲੇ ਮੈਂ ਤਾਂ ਇੱਥੋਂ ਦਾ ਜੰਮਿਆ ਪਲਿਆ ਹਾਂ ਤੇ ਇੱਥੋਂ ਦਾ ਕਰਜ਼ ਅਦਾ ਕਰਨ ਲਈ ਮੈਂ ਹਰ ਸਮੇਂ ਹਾਜ਼ਰ ਹਾਂ।ਜਦੋਂ ਵੀ ਕਿਸੇ ਨੂੰ ਕੋਈ ਕੰਮ ਪਵੇ ਤਾਂ ਉਹ ਬੇਝਿਜਕ ਤੇ ਬਿਨਾਂ ਕਿਸੇ ਭੈਅ ਤੋਂ ਮੇਰੇ ਕੋਲ ਆਵੇ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਨ ਸਭਾ ਯੂਥ ਕਾਂਗਰਸ ਦੇ ਪ੍ਰਧਾਨ ਡਾ. ਅੱਛਰ ਸ਼ਰਮਾ,ਸ਼ਹਿਰੀ ਕਾਂਗਰਸ ਦੇ ਪ੍ਰਧਾਨ ਕੁਲਦੀਪ ਸਿੰਘ ਬੰਗਾ, ਕਾਂਗਰਸ ਦੇ ਐਸ ਸੀ ਵਿਭਾਗ ਦੇ ਚੇਅਰਮੈਨ ਮੋਹਣ ਸਿੰਘ ਭਸੀਨ, ਗੁਰਚਰਨ ਸਿੰਘ ਕਟਵਾਲ, ਜਸਵੀਰ ਸਿੰਘ ਸਸਕੌਰ, ਧਰਮਪਾਲ ਸੈਣੀ ਸਣੇ ਦਰਜਨਾਂ ਨੌਜੁਆਨ ਵੀ ਹਾਜ਼ਰ ਸਨ।
ਲੰਗਾਹ ਨੂੰ ਪੰਥ ’ਚੋਂ ਛੇਕ ਕੇ, ਜੱਥੇਦਾਰ ਨਿਰਪੱਖਤਾ ਦਾ ਸਬੂਤ ਦੇਣ : ਬਰਿੰਦਰ ਢਿੱਲੋਂ



